ਸ੍ਰੀ ਮੁਕਤਸਰ ਸਾਹਿਬ: ਮਾਘੀ ਦੇ ਮੇਲੇ 'ਤੇ ਪਿੰਡ ਲੰਬੀ 'ਚ ਲੱਗੇ ਪਸ਼ੂ ਮੇਲੇ 'ਚ ਕਰੋੜਾਂ ਦਾ ਕਾਰੋਬਾਰ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਘੋੜੇ ਨੂੰ ਇਸ ਵਾਰ ਵੀ ਖ਼ਰੀਦਦਾਰ ਨਹੀਂ ਮਿਲਿਆ। ਯੂਕੇ ਤੋਂ ਮੰਗਵਾਏ ਗਏ ਫਲਾਬੇਲਾ ਨਸਲ ਦੇ ਘੋੜੇ ਦੀ ਹਾਈਟ ਘੱਟ ਸੀ, ਪਰ ਕੀਮਤ ਜ਼ਿਆਦਾ ਸੀ। ਇਸ ਘੋੜੇ 'ਤੇ ਦਿਲ ਤਾਂ ਹਰ ਇੱਕ ਦਾ ਫਿਦਾ ਹੋਇਆ, ਪਰ ਕੀਮਤ 8 ਲੱਖ ਹੋਣ ਕਰਕੇ ਖ਼ਰੀਦਦਾਰਾਂ ਨੇ ਇਸ ਨੂੰ ਘਾਟੇ ਦਾ ਸੌਦਾ ਸਮਝਿਆ।

ਇਸ ਮੇਲੇ 'ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਵਪਾਰੀ ਪਹੁੰਚੇ। ਜਿੱਥੇ ਸੁਖਬੀਰ ਬਾਦਲ ਦੇ ਸਟੱਡ ਫਾਰਮ ਦਾ ਘੋੜਾ ਖਿੱਚ ਦਾ ਕੇਂਦਰ ਬਣਿਆ ਰਿਹਾ। ਮੇਲੇ 'ਚ ਸਭ ਤੋਂ ਮਹਿੰਗਾ ਘੋੜਾ ਦੋ ਲੱਖ ਦਾ ਵਿਕਿਆ, ਜਦਕਿ ਸੁਖਬੀਰ ਬਾਦਲ ਦੇ ਘੋੜੇ ਦੀ ਕੀਮਤ 8 ਲੱਖ ਸੀ। ਸੁਖਬੀਰ ਬਾਦਲ ਦੇ ਫਾਰਮ 'ਚੋਂ 8 ਘੋੜੇ ਆਏ ਸੀ।

ਠੇਕੇਦਾਰ ਬਿੰਨੀ ਮੁਤਾਬਕ ਇਸ ਵਾਰ ਮੇਲੇ 'ਚ ਪਸ਼ੂ ਪਾਲਕ ਵੱਖੋਂ-ਵੱਖ ਨਸਲਾਂ ਦੇ 1810 ਘੋੜੇ ਲੈ ਕੇ ਪਹੁੰਚੇ ਸੀ। ਇਨ੍ਹਾਂ 'ਚੋਂ 680 ਘੋੜਿਆਂ ਦੀ ਵਿਕਰੀ ਹੋਈ। ਸਭ ਤੋਂ ਮਹਿੰਗਾ ਘੋੜਾ 2 ਲੱਖ ਦਾ ਵਿਕਿਆ, ਜਦਕਿ ਮੇਲੇ 'ਚ ਕਰੀਬ 35 ਕਰੋੜ ਰੁਪਏ ਦੇ ਘੋੜੇ ਵਿਕੇ।