ਮੋਗਾ: ਕਾਫੀ ਸਮੇਂ ਤੋਂ ਸੂਬੇ 'ਚ ਬਾਦਲ ਤੇ ਢੀਂਡਸਾ ਪਰਿਵਾਰਾਂ 'ਚ ਤਕਰਾਰ ਚੱਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਦੋਵੇਂ ਪਰਿਵਾਰ ਆਪਣੀ ਹਰ ਰੈਲੀ 'ਚ ਇੱਕ-ਦੂਜੇ ਖਿਲਾਫ ਖੁੱਲ੍ਹ ਕੇ ਬੋਲ ਰਹੀਆਂ ਹਨ। ਹੁਣ ਹਾਲ ਹੀ 'ਚ ਮੋਗਾ ਦੇ ਕਸਬਾ ਬਦਨੀ 'ਚ ਸੁਖਦੇਵ ਸਿੰਘ ਢੀਂਡਸਾ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ 'ਚ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੂੰ ਆਪਣੇ ਨਿਸ਼ਾਨੇ 'ਤੇ ਲਿਆ।


ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗੁਰੂ ਘਰ 'ਚ ਹੋ ਰਹੀ ਲੁੱਟ ਤੋਂ ਆਜ਼ਾਦੀ ਦਵਾਉਣ ਲਈ ਇੱਕ ਮੰਚ 'ਤੇ ਹੀ ਇਕੱਠਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ 2 ਫੀਸਦ ਵੀ ਨਹੀਂ ਚਾਹੁੰਦਾ ਕਿ ਕੀ ਕੋਈ ਵੀ ਨੇਤਾ ਆਜ਼ਾਦ ਹੋ ਕੋਈ ਫੈਸਲਾ ਲਵੇ। ਉਨ੍ਹਾਂ ਕਿਹਾ ਕਿ ਇਸੇ ਕਰਕੇ ਸੁਖਬੀਰ ਨੇ ਜਥੇਦਾਰ ਤੋਤਾ ਸਿੰਘ ਨੂੰ ਐਸਜੀਪੀਸੀ ਦਾ ਪ੍ਰਧਾਨ ਨਹੀਂ ਬਣਾਇਆ।

ਦੱਸ ਦਈਏ ਕਿ ਪਿਛਲੇ ਦਿਨੀਂ ਹੀ ਜਗਰਾਜ ਨੇ ਅਕਾਲੀ ਦਲ ਦਾ ਸਾਥ ਛੱਡ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕੀਤਾ ਸੀ। ਟਕਸਾਲੀ ਲੀਡਰ 23 ਨੂੰ ਸੰਗਰੂਰ 'ਚ ਰੈਲੀ ਕਰਕੇ ਅਕਾਲੀ ਦਲ ਖਿਲਾਫ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ। ਇੰਨਾ ਹੀ ਨਹੀਂ ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਮਾਰਚ ਤਕ ਕਈ ਹੋਰ ਨੇਤਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਉਨ੍ਹਾਂ ਦਾ ਸਾਥ ਦੇਣ ਲਈ ਜ਼ਰੂਰ ਆਉਣਗੇ।