ਚੰਡੀਗੜ੍ਹ: ਲੌਂਗੋਵਾਲ ਦੇ ਸਕੂਲ ਵੈਨ ਹਾਦਸੇ 'ਚ 4 ਬੱਚਿਆਂ ਦੇ ਜ਼ਿੰਦਾ ਸੜਨ ਤੋਂ ਬਾਅਦ ਕਈ ਖੁਲਾਸੇ ਹੋ ਰਹੇ ਹਨ। ਸਰਕਾਰ ਵੱਲੋਂ ਹਾਦਸੇ ਤੋਂ ਇੱਕ ਦਿਨ ਬਾਅਦ ਕੀਤੇ ਐਕਸ਼ਨ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਬਹੁਤੇ ਵਾਹਨ ਨਿਯਮਾਂ ਦੀ ਕਸੌਟੀ 'ਤੇ ਸਹੀ ਨਹੀਂ ਉੱਤਰਦੇ। ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਸੋਮਵਾਰ ਨੂੰ ਪੂਰੇ ਸੂਬੇ 'ਚ ਸਕੂਲੀ ਵਾਹਨਾਂ ਦੀ ਜਾਂਚ ਪੜਤਾਲ ਕੀਤੀ ਗਈ। ਡੀਸੀ, ਐਸਪੀ ਤੇ ਏਐਸਪੀ ਤੱਕ ਮੈਦਾਨ 'ਚ ਉੱਤਰ ਆਏ।

ਹੈਰਾਨੀ ਦੀ ਗੱਲ਼ ਹੈ ਕਿ ਇੱਕ ਦਿਨ 'ਚ ਹੀ ਪ੍ਰਸ਼ਾਸਨ ਨੇ ਮੁਹਿੰਮ ਚਲਾ ਕੇ 1494 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਤੇ 227 ਵਾਹਨ ਇੰਪਾਉਂਡ ਕੀਤੇ। ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਖ਼ਬਰ ਮਿਲਦਿਆਂ ਹੀ ਪ੍ਰਾਈਵੇਟ ਸਕੂਲਾਂ ਦੀਆਂ ਸੜਕਾਂ 'ਤੇ ਘੁੰਮਣ ਵਾਲੀਆਂ ਸਕੂਲ ਵੈਨਾਂ ਨਹੀਂ ਦਿਖਾਈ ਦਿੱਤੀਆਂ। ਇਸ ਨਾਲ ਬੱਚਿਆਂ ਨੂੰ ਦਿੱਕਤ ਆਈ ਕਿਉਂਕਿ ਵਾਹਨ ਨਾ ਮਿਲਣ ਕਰਕੇ ਉਹ ਦੇਰੀ ਨਾਲ ਘਰ ਪਰਤੇ। ਅੱਜ ਵੀ ਕਈ ਸਕੂਲਾਂ ਨੇ ਵਾਹਨ ਨਹੀਂ ਭੇਜੇ।

ਕਈ ਸਕੂਲਾਂ 'ਚ ਅਜਿਹਾ ਵੀ ਦੇਖਣ ਨੂੰ ਮਿਲਿਆ ਜਿੱਥੇ ਟੀਮ ਜਾਂਚ ਲਈ ਪਹੁੰਚੀ ਤਾਂ ਡਰਾਈਵਰ ਉੱਥੋਂ ਭੱਜ ਗਏ। ਬਹੁਤ ਸਾਰੇ ਡਰਾਈਵਰਾਂ ਕੋਲ ਲਾਈਸੈਂਸ ਤੇ ਵਾਹਨਾਂ ਦੇ ਕਾਗਜ਼ ਵੀ ਮੌਜੂਦ ਨਹੀਂ ਸੀ। ਚੈਕਿੰਗ ਟੀਮ ਨੂੰ ਵਾਹਨਾਂ 'ਚ ਪ੍ਰਬੰਧ ਪੂਰੇ ਨਹੀਂ ਮਿਲੇ। 70 ਫੀਸਦ ਵਾਹਨਾਂ 'ਚ ਮਹਿਲਾ ਕਰਮੀ ਨਹੀਂ ਸੀ ਤੇ ਨਾ ਹੀ ਇਨ੍ਹਾਂ 'ਚ ਸੀਸੀਟੀਵੀ ਲੱਗੇ ਸੀ। ਉਂਝ ਇਹ ਸਭ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਜੇਕਰ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੀ ਹੈ ਤਾਂ ਤਸਵੀਰ ਹੋਰ ਵੀ ਦਹਿਲਾ ਦੇਣ ਵਾਲੀ ਸਾਹਮਣੇ ਆ ਸਕਦੀ ਹੈ।