ਚੰਡੀਗੜ੍ਹ: ਉੱਘੇ ਸਿਆਸਤਦਾਨ ਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਤੇ ਬਠਿੰਡਾ ਸੀਟ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕੌਮੀ ਸਿਆਸਤ ਵਿੱਚ ਪੈਰ ਧਰਨ ਦਾ ਨਿਸਚਾ ਕਰ ਲਿਆ ਹੈ। ਖਹਿਰਾ ਨੇ 'ਏਬੀਪੀ ਸਾਂਝਾ' ਦੇ ਖ਼ਾਸ ਪ੍ਰੋਗਰਾਮ 'ਮੁੱਕਦੀ ਗੱਲ' ਵਿੱਚ ਆ ਕੇ ਸਾਫ ਕੀਤਾ ਕਿ ਉਨ੍ਹਾਂ ਬਠਿੰਡਾ ਤੋਂ ਹੀ ਚੋਣ ਲੜਨ ਦਾ ਇਰਾਦਾ ਕਿਉਂ ਬਣਾਇਆ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਕੁਝ ਖ਼ਾਸ ਅੰਸ਼।


ਸੁਖਪਾਲ ਖਹਿਰਾ ਨੇ ਦੱਸਿਆ ਕਿ ਉਹ ਹਰਸਿਮਰਤ ਬਾਦਲ ਤੇ ਮਨਪ੍ਰੀਤ ਬਾਦਲ ਖਿਲਾਫ਼ ਮੈਦਨ ਵਿੱਚ ਉੱਤਰੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ, ਦੋਵੇਂ ਰਵਾਇਤੀ ਪਾਰਟੀਆਂ ਦਾ ਕਬਜ਼ਾ ਹੈ, ਜਿਸ ਨੂੰ ਤੋੜਨ ਦੀ ਬੇਹੱਦ ਲੋੜ ਹੈ ਤੇ ਉਹ ਲੋਕਾਂ ਨੂੰ ਤੀਜਾ ਬਦਲ ਦੇ ਰਹੇ ਹਨ। ਖਹਿਰਾ ਨੇ ਦਾਅਵਾ ਕੀਤਾ ਕਿ ਕਾਂਗਰਸ ਤੇ ਅਕਾਲੀ ਰਲ ਕੇ ਚੋਣ ਲੜਦੇ ਹਨ ਤੇ ਹੁਣ ਤਕ ਦੋ ਪਰਿਵਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਠੱਗਿਆ ਹੈ।

ਖਹਿਰਾ ਨੇ ਕਿਹਾ ਕਿ 35 ਸਾਲ ਤੋਂ ਅਕਾਲੀ ਦਲ 'ਤੇ ਬਾਦਲਾਂ ਦਾ ਕਬਜ਼ਾ ਤੇ 25 ਸਾਲਾਂ ਤੋਂ ਪੰਜਾਬ ਕਾਂਗਰਸ 'ਤੇ ਕੈਪਟਨ ਕਾਬਜ਼ ਹਨ। ਉਨ੍ਹਾਂ ਬਠਿੰਡਾ ਲੋਕ ਸਭਾ ਸੀਟ ਲਈ ਵਿਰੋਧੀਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਹੈ। ਖਹਿਰਾ ਨੇ ਕਿਹਾ ਕਿ ਬਾਦਲਾਂ ਦੇ ਘਰ ਖੁੱਲ੍ਹੀ ਬਹਿਸ ਹੋਵੇ ਤੇ ਹਾਰ-ਜਿੱਤ ਦਾ ਫੈਸਲਾ ਉੱਥੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2019 ਲੋਕ ਸਭਾ ਚੋਣਾਂ ਵਿੱਚ ਖੇਤਰੀ ਪਾਰਟੀਆਂ ਦੇ ਸਿਰ 'ਤੇ ਕੇਂਦਰ ਵਿੱਚ ਸਰਕਾਰ ਬਣੇਗੀ ਤੇ ਤੀਜੀ ਧਿਰ ਤੋਂ ਹੀ ਦੇਸ਼ ਦਾ ਪ੍ਰਧਾਨ ਮੰਤਰੀ ਆਵੇਗਾ।

ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨੇ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਕਰਤਾਰਪੁਰ ਲਾਂਘੇ ਦੇ ਵਿਰੋਧ ਵਿੱਚ ਹਨ ਤੇ ਬੀਜੇਪੀ ਦੇ ਪ੍ਰੈਸ਼ਰ ਹੇਠਾਂ ਉਨ੍ਹਾਂ ਦੇ ਬੁਲਾਰੇ ਵਾਂਗ ਹੀ ਗੱਲਬਾਤ ਕਰ ਰਹੇ ਹਨ। ਆਪਣੇ ਕੇਸਾਂ ਤੋਂ ਛੁਟਕਾਰਾ ਪਾਉਣ ਲਈ ਉਹ ਬੀਜੇਪੀ ਅੱਗੇ ਵੀ ਝੁਕੇ ਗਏ ਤੇ ਡਰੱਗ ਕਾਰੋਬਾਰੀਆਂ ਦੀ ਬਜਾਏ ਉਨ੍ਹਾਂ 'ਤੇ ਪਰਚਾ ਦਰਜ ਕੀਤਾ ਗਿਆ।

ਖਹਿਰਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਬਾਦਲ ਭ੍ਰਿਸ਼ਟਾਚਾਰ ਦੇ ਮੁਜੱਸਮੇ ਹਨ ਅਤੇ ਕੈਪਟਨ ਖ਼ਿਲਾਫ਼ ਸਿਟੀ ਸੈਂਟਰ ਘੁਟਾਲਾ ਕੇਸ ਵੀ ਬਾਦਲਾਂ ਨੇ ਰਣਨੀਤੀ ਤਹਿਤ ਰੱਦ ਕਰਵਾਇਆ। ਉਨ੍ਹਾਂ ਮਨਪ੍ਰੀਤ ਬਾਦਲ ਨੂੰ ਵੀ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਜੇਕਰ ਵਿੱਤ ਮੰਤਰੀ ਹੀ ਬਣਨਾ ਸੀ ਤਾਂ ਆਪਣੇ ਤਾਏ ਨਾਲ ਹੀ ਰਹਿੰਦੇ, ਕਾਂਗਰਸ 'ਚ ਸ਼ਾਮਲ ਹੋਣ ਦੀ ਕੀ ਲੋੜ ਸੀ।

ਆਪਣੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਸਫਲ ਨਾ ਰਹਿਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਟਕਸਾਲੀ ਉਮੀਦਵਾਰ ਨਾ ਐਲਾਨਦੇ ਤਾਂ ਗਠਜੋੜ ਹੋ ਜਾਣਾ ਸੀ। ਖਹਿਰਾ ਨੇ ਟਕਸਾਲੀਆਂ ਨੂੰ ਖਡੂਰ ਸਾਹਿਬ ਸੀਟ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਆਸ ਕੀਤੀ ਕਿ ਛੇਤੀ ਹੀ ਖਡੂਰ ਸਾਹਿਬ ਤੋਂ ਟਕਸਾਲੀ ਵਾਪਸ ਆਪਣਾ ਉਮੀਦਵਾਰ ਵਾਪਸ ਲੈ ਸਕਦੇ ਹਨ। ਖਹਿਰਾ ਦੀ ਪੀਈਪੀ ਤੋਂ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ।

ਪੀਈਪੀ ਨੂੰ ਦੂਜਿਆਂ ਨਾਲੋਂ ਵੱਖ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣਾ ਚਾਹੀਦਾ ਹੈ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਇੰਝ ਹੀ ਕਰਨਗੇ। ਖਹਿਰਾ ਨੇ ਕਿਹਾ ਕਿ ਜੇਕਰ ਕੋਈ ਪਾਰਟੀ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪੰਜਾਬ ਏਕਤਾ ਪਾਰਟੀ ਕਿਸੇ ਵੱਡੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਵੇਗੀ, ਜੇਕਰ ਅਜਿਹੀ ਨੌਬਤ ਆਉਂਦੀ ਹੈ ਤਾਂ ਉਹ ਸਿਆਸਤ ਛੱਡਣ ਨੂੰ ਹੀ ਤਰਜੀਹ ਦੇਣਗੇ।

ਦੇਖੋ ਵੀਡੀਓ-