ਕੋਲਕਾਤਾ: ਬੀਜੇਪੀ ਨੇ ਦੋਸ਼ ਲਾਇਆ ਕਿ ਹੁਗਲੀ ਜ਼ਿਲ੍ਹੇ 'ਚ ਉਨ੍ਹਾਂ ਦੀ ਪਾਰਟੀ ਦੇ ਦਫ਼ਤਰ ਨੂੰ ਅੱਗ ਲਾਈ ਗਈ ਤੇ ਸੁਵੇਂਦੂ ਅਧਿਕਾਰੀ ਸਮੇਤ ਉਨ੍ਹਾਂ ਦੇ ਕੁਝ ਨੇਤਾਵਾਂ 'ਤੇ ਸੂਬੇ ਦੇ ਹੋਰ ਹਿੱਸਿਆਂ 'ਚ ਟੀਐਮਸੀ ਵਰਕਰਾਂ ਨੇ ਹਮਲਾ ਕੀਤਾ। ਹੁਗਲੀ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਇੱਕ ਸਥਾਨਕ ਭਾਜਪਾ ਨੇਤਾ ਨੇ ਦਾਅਵਾ ਕੀਤਾ ਕਿ ਟੀਐਮਸੀ ਦੇ ਕਾਰਕੁਨਾਂ ਨੇ ਆਪਣੀ ਪਾਰਟੀ ਉਮੀਦਵਾਰ ਸੁਜਾਤਾ ਮੰਡਲ ਦੀ ਹਾਰ ਤੋਂ ਤੁਰੰਤ ਬਾਅਦ ਬੀਜੇਪੀ ਕੈਂਪ ਦੇ ਅਰਮਾਬਾਗ ਦਫ਼ਤਰ ਨੂੰ ਅੱਗ ਲਾ ਦਿੱਤੀ।



ਹਾਲਾਂਕਿ ਟੀਐਮਸੀ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਸਥਾਨਕ ਭਾਜਪਾ ਨੇਤਾ ਨੇ ਕਿਹਾ, “ਟੀਐਮਸੀ ਨੇ ਆਪਣੇ ਉਮੀਦਵਾਰ ਦੀ ਹਾਰ ਦਾ ਬਦਲਾ ਲੈਣ ਲਈ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਸਾਡੇ ਪਾਰਟੀ ਦਫ਼ਤਰ ਨੂੰ ਸਾੜ ਦਿੱਤਾ।” ਪੂਰਬਾ ਮੇਦਿਨੀਪੁਰ ਜ਼ਿਲ੍ਹੇ ਵਿੱਚ ਟੀਐਮਸੀ ਦੇ ਵਰਕਰਾਂ ਨੇ ਕਥਿਤ ਤੌਰ 'ਤੇ ਭਾਜਪਾ ਦੇ ਸੁਵੇਂਦੂ ਅਧਿਕਾਰੀ ਦੇ ਵਾਹਨ ਦੇ ਅੱਗੇ ਪ੍ਰਦਰਸ਼ਨ ਕੀਤਾ, ਜੋ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹਰਾ ਕੇ ਨੰਦੀਗ੍ਰਾਮ ਸੀਟ 'ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੇ।


 


ਬੀਜੇਪੀ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀ ਦੀ ਕਾਰ ਦੀ ਵਿੰਡ ਸ਼ੀਲਡ ਤੋੜ ਦਿੱਤੀ ਅਤੇ ਹਲਦੀਆ ਵਿੱਚ ਇੱਕ ਕਾਊਂਟਿੰਗ ਸੈਂਟਰ ਨੇੜੇ ਪੱਥਰ ਵੀ ਸੁੱਟੇ। ਬੀਜੇਪੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਇੱਕ ਮੈਂਬਰ ਨੂੰ ਸ਼ਹਿਰ ਦੇ ਬੇਲੇਗਾਟਾ ਖੇਤਰ ਵਿੱਚ ਟੀਐਮਸੀ ਦੇ ਵਰਕਰਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਦਾ ਦੋਸ਼ ਮਮਤਾ ਬੈਨਰਜੀ ਕੈਂਪ ਵੱਲੋਂ ਨਾਮਨਜ਼ੂਰ ਕੀਤਾ ਗਿਆ ਸੀ।