ਕਾਬੁਲ: ਅਫ਼ਗਾਨਿਸਤਾਨ 'ਚ ਤਖਤਾ ਪਲਟਣ ਮਗਰੋਂ ਤਾਲਿਬਾਨ ਨੇ ਵੱਡਾ ਐਲਾਨ ਕੀਤਾ ਹੈ। ਅਫ਼ਗਾਨਿਸਤਾਨ ਦੇ ਸਰਕਾਰੀ ਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਤਾਲਿਬਾਨ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸਾਰੇ ਲੋਕਾਂ ਨੂੰ ਆਪੋ ਆਪਣੇ ਕੰਮਕਾਰਾਂ ’ਤੇ ਪਰਤਣ ਦੀ ਅਪੀਲ ਕੀਤੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਔਰਤਾਂ ਪੀੜਤ ਹੋਣ। ਇਸ ਲਈ ਤਾਲਿਬਾਨ ਉਨ੍ਹਾਂ ਨੂੰ ਸਰਕਾਰ ਦਾ ਹਿੱਸਾ ਬਣਨ ਦੀ ਗੁਜ਼ਾਰਿਸ਼ ਕਰਦੇ ਹਨ।

 

ਇਸ ਦੇ ਨਾਲ ਹੀ ਤਾਲਿਬਾਨ ਨੇ ਸਾਰੇ ਅਧਿਕਾਰੀਆਂ ਨੂੰ ਕੰਮ 'ਤੇ ਵਾਪਸ ਆਉਣ ਦੇ ਆਦੇਸ਼ ਦਿੱਤੇ ਹਨ। ਏਐਫਪੀ ਮੁਤਾਬਕ ਕਾਬੁਲ ਉੱਤੇ ਕਬਜ਼ਾ ਕਰਨ ਦੇ ਦੋ ਦਿਨ ਬਾਅਦ ਜਾਰੀ ਬਿਆਨ ਵਿੱਚ, ਤਾਲਿਬਾਨ ਨੇ ਸਾਰੇ ਅਧਿਕਾਰੀਆਂ ਨੂੰ ਪੂਰਨ ਵਿਸ਼ਵਾਸ ਨਾਲ ਆਪਣਾ ਕੰਮ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਜਿਵੇਂ ਉਹ ਪਹਿਲਾਂ ਕਰ ਰਹੇ ਸਨ।

 

ਉਧਰ, ਅਮਰੀਕਾ ਦੇ ਚੋਟੀ ਦੇ ਫ਼ੌਜੀ ਕਮਾਂਡਰ ਜਨਰਲ ਫਰੈਂਕ ਮੈਕੈਂਜ਼ੀ ਨੇ ਦੋਹਾ ਵਿੱਚ ਤਾਲਿਬਾਨ ਦੇ ਲੀਡਰਾਂ ਨਾਲ ਆਹਮੋ-ਸਾਹਮਣੇ ਬੈਠਕ ਕੀਤੀ। ਜਨਰਲ ਨੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਲੜਾਕਿਆਂ ਨੂੰ ਬੇਨਤੀ ਕਰਨ ਕਿ ਅਮਰੀਕੀ ਨਾਗਰਿਕਾਂ ਤੇ ਹੋਰਾਂ ਨੂੰ ਕਾਬੁਲ ’ਚੋਂ ਕੱਢਣ ਲਈ ਫ਼ੌਜ ਵੱਲੋਂ ਹਵਾਈ ਅੱਡੇ ਤੋਂ ਚਲਾਈ ਜਾ ਰਹੀ ਮੁਹਿੰਮ ਵਿਚ ਉਹ ਦਖ਼ਲ ਨਾ ਦੇਣ।

 

ਤਾਲਿਬਾਨ ਇਸ ਗੱਲ ਲਈ ਸਹਿਮਤ ਵੀ ਹੋ ਗਿਆ ਹੈ। ਜਦ ਤੱਕ ਨਾਗਰਿਕਾਂ ਤੇ ਹੋਰਾਂ ਨੂੰ ਸੁਰੱਖਿਅਤ ਕੱਢਣ ਦੀ ਮੁਹਿੰਮ ਚੱਲੇਗੀ ਉਦੋਂ ਤੱਕ ਮੁਲਕ ਦੇ ਨਵੇਂ ਸ਼ਾਸਕ ਇਸ ਕਾਰਵਾਈ ਵਿੱਚ ਦਖ਼ਲ ਨਹੀਂ ਦੇਣਗੇ। ਜਨਰਲ ਮੈਕੈਂਜ਼ੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਹਵਾਈ ਅੱਡੇ ਦੀ ਰਾਖੀ ਲਈ ਤਾਕਤ ਵਰਤੀ ਜਾਵੇਗੀ।

 

ਦੱਸ ਦਈਏ ਕਿ ਤਾਲਿਬਾਨ ਨੇ ਅਖੀਰ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਕੇ ਮੁਕੰਮਲ ਅਫ਼ਗਾਨਿਸਤਾਨ ਨੂੰ ਆਪਣੇ ਅਧੀਨ ਕਰ ਲਿਆ ਹੈ। ਉਨ੍ਹਾਂ ਰਾਸ਼ਟਰਪਤੀ ਮਹਿਲ ਵਿੱਚ ਦਾਖਲ ਹੋ ਕੇ ਕਿਹਾ ਕਿ ‘ਜੰਗ ਹੁਣ ਖ਼ਤਮ ਹੈ।’ ਇਸੇ ਦੌਰਾਨ ਦੇਸ਼ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੇਸ਼ ਛੱਡ ਕੇ ਭੱਜ ਗਏ ਹਨ। ਗ਼ਨੀ ਨੂੰ ਸੋਸ਼ਲ ਮੀਡੀਆ ਉਤੇ ਲੋਕਾਂ ਨੇ ਕਾਇਰ ਕਰਾਰ ਦਿੱਤਾ ਹੈ।

 

ਇਸਲਾਮਿਕ ਬਾਗ਼ੀਆਂ ਨੂੰ ਕਾਬੁਲ ਵਿੱਚ ਕਿਸੇ ਵੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਉਹ ਰਾਸ਼ਟਰਪਤੀ ਮਹਿਲ ਦੇ ਅੰਦਰ ਦਾਖਲ ਹੋ ਗਏ। ਪੱਛਮੀ ਦੇਸ਼ ਹੁਣ ਅਫ਼ਗਾਨਿਸਤਾਨ ਵਿਚੋਂ ਆਪਣੇ ਨਾਗਰਿਕਾਂ ਤੇ ਹੋਰਾਂ ਨੂੰ ਸੁਰੱਖਿਅਤ ਕੱਢਣ ਲਈ ਜੱਦੋਜਹਿਦ ਕਰ ਰਹੇ ਹਨ।

 

ਤਾਲਿਬਾਨ ਦੇ ਸਿਆਸੀ ਤਰਜਮਾਨ ਮੁਹੰਮਦ ਨਈਮ ਨੇ ਕਿਹਾ ‘ਅੱਜ ਦਾ ਦਿਨ ਅਫ਼ਗਾਨ ਲੋਕਾਂ ਤੇ ਮੁਜਾਹਿਦੀਨ ਲਈ ਮਹਾਨ ਹੈ। ਉਨ੍ਹਾਂ ਨੂੰ 20 ਸਾਲਾਂ ਦੇ ਯਤਨਾਂ ਤੇ ਕੁਰਬਾਨੀਆਂ ਦਾ ਫ਼ਲ ਮਿਲ ਗਿਆ ਹੈ। ਅੱਲ੍ਹਾ ਦਾ ਸ਼ੁਕਰੀਆ, ਮੁਲਕ ਵਿਚ ਜੰਗ ਹੁਣ ਖ਼ਤਮ ਹੈ।’ ਤਾਲਿਬਾਨ ਨੂੰ ਪੂਰੇ ਮੁਲਕ ਉਤੇ ਕਬਜ਼ਾ ਜਮਾਉਣ ਲਈ ਹਫ਼ਤੇ ਤੋਂ ਕੁਝ ਦਿਨ ਹੀ ਵੱਧ ਲੱਗੇ ਹਨ।

 

ਇਸ ਤੋਂ ਪਹਿਲਾਂ ਅਮਰੀਕਾ ਨੇ ਆਪਣੀਆਂ ਫ਼ੌਜਾਂ ਨੂੰ ਮੁਕੰਮਲ ਰੂਪ ’ਚ ਅਫ਼ਗਾਨਿਸਤਾਨ ਵਿਚੋਂ ਕੱਢਣ ਦਾ ਐਲਾਨ ਕੀਤਾ ਸੀ। ‘ਅਲ ਜਜ਼ੀਰਾ’ ਦੇ ਪ੍ਰਸਾਰਨ ਵਿਚ ਅੱਜ ਤਾਲਿਬਾਨ ਕਮਾਂਡਰ ਆਪਣੇ ਦਰਜਨਾਂ ਹਥਿਆਰਬੰਦ ਲੜਾਕਿਆਂ ਨਾਲ ‘ਪ੍ਰੈਜ਼ੀਡੈਂਸ਼ੀਅਲ ਪੈਲੇਸ’ ਵਿਚ ਬੇਫ਼ਿਕਰ ਬੈਠਾ ਨਜ਼ਰ ਆਇਆ।