ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਹੁਣ ਜਲਦ ਹੀ ਖ਼ਤਮ ਹੋਣ ਵਾਲਾ ਹੈ। ਪਰ ਇਸ ਸਮੇਂ ਹਰ ਕਿਸੇ ਦੇ ਦਿਮਾਗ 'ਚ ਇਹ ਸਵਾਲ ਲਗਾਤਾਰ ਉੱਠ ਰਹੇ ਹਨ ਕਿ ਆਖਰਕਾਰ ਸਾਨੂੰ ਕੋਰੋਨਾ ਵੈਕਸੀਨ ਲਈ ਕਿੰਨੇ ਪੈਸੇ ਦੇਣੇ ਪੈਣਗੇ? ਇਹ ਵੈਕਸੀਨ ਆਮ ਲੋਕਾਂ ਵਿੱਚ ਕਦੋਂ ਤੱਕ ਉਪਲਬਧ ਹੋਵੇਗੀ? ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਆਦਰ ਪੂਨਾਵਾਲਾ, ਜੋ ਕਿ ਐਸਟ੍ਰੈਜਨੀਕਾ ਨਾਲ ਭਾਰਤ ਵਿੱਚ ਆਕਸਫੋਰਡ ਅਧਾਰਤ ਕੋਰੋਨਾ ਵੈਕਸੀਨ ਦੀ ਜਾਂਚ ਕਰ ਰਹੇ ਹਨ, ਦਾ ਕਹਿਣਾ ਹੈ ਕਿ ਭਾਰਤ ਵਿੱਚ ਇਸ ਵੈਕਸੀਨ ਦੀ ਕੀਮਤ 500 ਤੋਂ 600 ਰੁਪਏ ਤੱਕ ਹੋਵੇਗੀ।

ਇੱਕ ਇੰਟਰਵਿਊ ਦੌਰਾਨ ਪੂਨਾਵਾਲਾ ਨੇ ਕਿਹਾ ਕਿ 2021 ਦੀ ਪਹਿਲੀ ਤਿਮਾਹੀ ਵਿੱਚ ਆਕਸਫੋਰਡ ਦੀਆਂ ਕੋਵਿਡ -19 ਵੈਕਸੀਨ ਦੀਆਂ ਲਗਭਗ 30 ਤੋਂ 40 ਕਰੋੜ ਖੁਰਾਕਾਂ ਉਪਲਬਧ ਹੋਣਗੀਆਂ। ਪੂਨਾਵਾਲਾ ਨੇ ਕਿਹਾ ਕਿ ਆਮ ਲੋਕਾਂ ਨੂੰ ਇਸ ਵੈਕਸੀਨ ਲਈ ਸਿਰਫ ਪੰਜ ਸੌ ਤੋਂ ਛੇ ਸੌ ਰੁਪਏ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਇਹ ਸਸਤੀ ਰੇਟਾਂ ‘ਤੇ ਭਾਰਤ ਸਰਕਾਰ ਨੂੰ ਦਿੱਤੀ ਜਾਵੇਗੀ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਨੇ ਕਿਹਾ ਕਿ ਭਾਰਤ ਉਸ ਦੀ ਤਰਜੀਹ ਹੈ।


ਇੱਥੇ, ਅਮਰੀਕੀ ਫਾਰਮਾਸਿਊਟੀਕਲ ਨਿਰਮਾਤਾ ਮੋਡਰਨਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਇਸ ਦੀ ਕੋਵਿਡ -19 ਵੈਕਸੀਨ 95.5 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ। ਜਦਕਿ ਇਸ ਤੋਂ ਪਹਿਲਾਂ ਫਾਈਜ਼ਰ ਅਤੇ BioNTECh ਨੇ ਸਾਂਝੇ ਤੌਰ 'ਤੇ ਅਮਰੀਕਾ ਅਤੇ ਜਰਮਨੀ ਦੀ ਤਰਫੋਂ ਇਹੋ ਜਿਹਾ ਐਲਾਨ ਕੀਤਾ ਸੀ। ਇਨ੍ਹਾਂ ਦੋਵਾਂ ਵੈਕਸੀਨ ਨੇ ਤੀਜੇ ਪੜਾਅ ਦੇ ਟਰਾਇਲਾਂ ਦੌਰਾਨ ਵਧੀਆ ਨਤੀਜੇ ਦਿੱਤੇ ਹਨ ਅਤੇ ਰੈਗੂਲੇਟਰ ਦੀ ਮਨਜ਼ੂਰੀ ਤੋਂ ਬਾਅਦ, ਲੋਕਾਂ ਨੂੰ ਵੈਕਸੀਨ ਦੀਆਂ ਖੁਰਾਕਾਂ ਦੇਣ ਦਾ ਕੰਮ ਦਸੰਬਰ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ।