ਬਰਨਾਲਾ: ਕੋਰੋਨਾਵਾਇਰਸ ਕਾਰਨ ਲੌਕਡਾਊਨ ਹੋਣ ਤੋਂ ਬਾਅਦ ਪਰਵਾਸੀ ਮਜ਼ਦੂਰ ਕੰਮ ਨਾ ਮਿਲਣ ਦੇ ਚਲਦਿਆਂ ਆਪਣੇ ਸੂਬਿਆਂ ਨੂੰ ਵਾਪਿਸ ਪਰਤ ਗਏ ਸੀ। ਪਰ ਹੁਣ ਪੰਜਾਬ ‘ਚ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਖਾਸਾ ਜ਼ਰੂਰਤ ਪੈ ਰਹੀ ਹੈ। ਮਜ਼ਦੂਰ ਨਾ ਮਿਲਣ ਤੋਂ ਕਿਸਾਨ ਵੀ ਬੇਹਦ ਪਰੇਸ਼ਾਨ ਹਨ। ਜਿਸ ਦੇ ਚਲਦਿਆਂ ਬਰਨਾਲਾ ਦੇ ਕਿਸਾਨਾਂ ਵਲੋਂ ਫਸਲ ਬੀਜਣ ਲਈ ਉੱਤਰ-ਪ੍ਰਦੇਸ਼ ਤੇ ਬਿਹਾਰ ਤੋਂ ਬਸਾਂ ਜ਼ਰੀਏ ਪਰਵਾਸੀ ਮਜ਼ਦੂਰ ਲਿਆਂਦੇ ਗਏ।
ਉਨ੍ਹਾਂ ਵਲੋਂ ਮਜ਼ਦੂਰਾਂ ਨੂੰ ਲਿਆਉਣ ਲਈ 3 ਬਸਾਂ ਭੇਜੀਆਂ ਗਈਆਂ ਸੀ। 60 ਮਜ਼ਦੂਰਾਂ ਨੂੰ ਲੈ ਕੇ ਇਹ ਬਸਾਂ ਬਰਨਾਲਾ ਦੇ 2 ਪਿੰਡਾਂ ‘ਚ ਪਹੁੰਚੀਆਂ। ਕਿਸਾਨਾਂ ਵਲੋਂ ਹਾਰ ਪਾ ਕੇ ਮਜ਼ਦੂਰਾਂ ਦਾ ਸਵਾਗਤ ਕੀਤਾ ਗਿਆ। ਬਰਨਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ ਜਿੱਥੋਂ ਕਿਸਾਨਾਂ ਵਲੋਂ ਬਸਾਂ ਭੇਜ ਕੇ ਲੇਬਰ ਮੰਗਵਾਈ ਗਈ।
ਹੁਣ ਤੱਕ ਬਰਨਾਲਾ ਦੇ 90 ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰਨਾਂ ਸੂਬਿਆਂ ਤੋਂ ਲੇਬਰ ਲੈ ਕੇ ਆਉਣ ਦੀ ਇਜਾਜ਼ਤ ਦਿੱਤੀ ਹੈ।
ਬਿਹਾਰ ਆਉਣ-ਜਾਣ ਲਈ ਇੱਕ ਬਸ ‘ਤੇ 1 ਲੱਖ 30 ਹਜ਼ਾਰ ਰੁਪਏ ਖਰਚਾ ਆਇਆ ਤੇ ਉੱਤਰ ਪ੍ਰਦੇਸ਼ ਲਈ 1 ਬੱਸ ਦਾ 65000 ਰੁਪਏ ਖਰਚਾ ਆਇਆ ਹੈ, ਜੋਕਿ ਕਿਸਾਨਾਂ ਤੇ ਲੇਬਰ ਵਲੋਂ ਆਪਸ ‘ਚ ਵੰਡ ਕੇ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਮਜ਼ਦੂਰਾਂ ਨੂੰ ਮਾਸਕ ਤੇ ਸੈਨੀਟਾਈਜ਼ਰ ਆਦਿ ਦਾ ਪੂਰਾ ਖਰਚਾ ਕਿਸਾਨਾਂ ਵਲੋਂ ਚੁੱਕਿਆ ਗਿਆ।
ਮਜ਼ਦੂਰਾਂ ਦੇ ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਕੰਮ ‘ਤੇ ਲਗਾਇਆ ਜਾਵੇਗਾ।
ਮਜ਼ਦੂਰ ਕੋਰੋਨਾ ਕਾਰਨ ਡਰੇ ਹੋਏ ਸੀ ਤੇ ਟਰੇਨਾਂ ਨਾ ਚੱਲਣ ਕਾਰਨ ਪੰਜਾਬ ਆਉਣ ਨੂੰ ਤਿਆਰ ਨਹੀਂ ਸੀ। ਕਿਸਾਨਾਂ ਵਲੋਂ ਉਨ੍ਹਾਂ ਨੂੰ ਯਕੀਨ ਦਵਾਇਆ ਗਿਆ ਕਿ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਉਨ੍ਹਾਂ ਵਲੋਂ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮਜ਼ਦੂਰ ਉਨ੍ਹਾਂ ਨਾਲ ਪੰਜਾਬ ਆਉਣ ਲਈ ਸਹਿਮਤ ਹੋਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ