ਨਵੀਂ ਦਿੱਲੀ: ਦੇਸ਼ ਦੇ ਕਿਸਾਨਾਂ ਦੀ ਤਰਫੋਂ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਬਾਰੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਦਿੱਲੀ ਸਰਹੱਦ 'ਤੇ ਡਟੇ ਹੋਏ ਹਨ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਹਾਲਾਂਕਿ ਇਸ ਦੌਰਾਨ ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਖੇਤੀਬਾੜੀ ਸੁਧਾਰ ਭਾਰਤ ਦੀ ਘਰੇਲੂ ਨੀਤੀ ਦਾ ਮੁੱਦਾ ਹੈ।

ਬ੍ਰਿਟਿਸ਼ ਸੰਸਦ 'ਚ ਇਕ ਲਿਖਤੀ ਪ੍ਰਸ਼ਨ ਦੇ ਜਵਾਬ 'ਚ ਬ੍ਰਿਟੇਨ ਦੇ ਮੰਤਰੀ ਨਿਗੇਲ ਐਡਮਜ਼ ਨੇ ਕਿਹਾ, ‘ਅਸੀਂ ਭਾਰਤ ਅਤੇ ਇਥੇ ਇੰਗਲੈਂਡ 'ਚ ਇਨ੍ਹਾਂ ਚਿੰਤਾਵਾਂ ਤੋਂ ਜਾਣੂ ਹਾਂ ਕਿ ਇਹ ਸੁਧਾਰ ਕਿਸਾਨੀ ਭਾਈਚਾਰੇ ਨੂੰ ਪ੍ਰਭਾਵਤ ਕਰ ਸਕਦੇ ਹਨ।' ਬ੍ਰਿਟਿਸ਼ ਸੰਸਦ 'ਚ ਨਿਗੇਲ ਐਡਮਜ਼ ਨੇ ਕਿਹਾ ਕਿ ਖੇਤੀਬਾੜੀ ਸੁਧਾਰ ਭਾਰਤੀ ਅਧਿਕਾਰੀਆਂ ਲਈ ਘਰੇਲੂ ਨੀਤੀ ਦਾ ਮੁੱਦਾ ਹੈ।




ਇਸ ਦੇ ਨਾਲ ਹੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ‘ਚੱਕਾ ਜਾਮ’ ਕੀਤਾ ਗਿਆ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਨਵੇਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਅਤੇ ਹੋਰ ਮੁੱਦਿਆਂ ਦਾ ਵਿਰੋਧ ਕਰਦਿਆਂ ਕਈ ਥਾਵਾਂ ’ਤੇ ਚੱਕਾ ਜਾਮ ਕੀਤਾ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਾਮ ਦਾ ਅਸਰ ਦੇਖਣ ਨੂੰ ਮਿਲਿਆ।