ਸ੍ਰੀ ਆਨੰਦਪੁਰ ਸਾਹਿਬ: ਕਰੋਨਾ ਮਹਾਮਾਰੀ ਦੇ ਪੰਜਾਬ ਅੰਦਰ ਵੱਧ ਰਹੇ ਪ੍ਰਭਾਵ ਕਾਰਨ ਹੋਲੇ ਮਹੱਲੇ ਦੇ ਤਿਉਹਾਰ ਨੂੰ ਲੈ ਕੇ ਸੰਗਤ ਦੁੱਚਿਤੀ ਵਿੱਚ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਇਸ ਬਾਰੇ ਸੰਗਤਾਂ ਦੇ ਸਾਰੇ ਭਰਮ-ਭੁਲੇਖੇ ਦੂਰ ਕੀਤੇ ਹਨ। ਜਥੇਦਾਰ ਨੇ ਸਪਸ਼ਟ ਕੀਤਾ ਕਿ ਰਵਾਇਤ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਕੌਮੀ ਤਿਉਹਾਰ ਹੋਲਾ ਮਹੱਲਾ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਮੁੱਚਾ ਖਾਲਸਾ ਪੰਥ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸੁਚੇਤ ਰਹੇ ਤੇ ਗੁਰੂ ਸਾਹਿਬ ਵੱਲੋਂ ਬਖਸ਼ੇ ਇਸ ਕੌਮੀ ਹੋਲੇ ਮਹੱਲੇ ਨੂੰ ਮਨਾਉਣ ਲਈ ਵਹੀਰਾਂ ਘੱਤ ਕੇ ਆਨੰਦਪੁਰ ਸਾਹਿਬ ਪੁੱਜੇ। ਉਨ੍ਹਾਂ ਦੱਸਿਆ ਕਿ ਹੋਲੇ ਮਹੱਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਪਕ ਇੰਤਜ਼ਾਮ ਕੀਤੇ ਜਾਣਗੇ ਤੇ ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਵਾਰ 24 ਤੋਂ 26 ਮਾਰਚ ਨੂੰ ਕੀਰਤਪੁਰ ਸਾਹਿਬ ਅਤੇ 27 ਤੋਂ 29 ਮਾਰਚ ਤੱਕ ਖਾਲਸੇ ਦੇ ਪ੍ਰਗਟ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾਵੇਗਾ।