ਨਵੀਂ ਦਿੱਲੀ: ਦੇਸ਼ 'ਚ ਮੌਸਮ ਬਦਲਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ 'ਚ ਹਲਕੀ ਬਾਰਸ਼ ਹੋਈ ਸੀ। ਮੌਸਮ ਵਿਭਾਗ ਅਨੁਸਾਰ 27 ਅਪ੍ਰੈਲ ਮਤਲਬ ਅੱਜ ਤੋਂ ਪੱਛਮੀ ਹਿਮਾਲਿਆ 'ਚ ਤਾਜ਼ਾ ਪੱਛਮੀ ਗੜਬੜੀ ਪੈਦਾ ਹੋਵੇਗੀ।
ਇਸ ਗੜਬੜੀ ਕਾਰਨ 27-30 ਅਪ੍ਰੈਲ ਵਿਚਕਾਰ ਜੰਮੂ ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਮੌਸਮ ਬਦਲੇਗਾ। 30 ਅਪ੍ਰੈਲ ਤਕ ਇਨ੍ਹਾਂ ਸੂਬਿਆਂ 'ਚ ਤੇਜ਼ ਬਰਫ਼ਬਾਰੀ, ਝੱਖੜ ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਤੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ ਦਿਨਾਂ 'ਚ ਹੋਈ ਹਲਕੀ ਬਾਰਸ਼ ਤੋਂ ਬਾਅਦ ਮੌਸਮ 'ਚ ਤਬਦੀਲੀ ਆਈ ਹੈ। ਤਾਜ਼ਾ ਰਿਪੋਰਟ ਅਨੁਸਾਰ ਸੂਬਿਆਂ 'ਚ ਹੁਣ ਗਰਮੀ ਵਧੇਗੀ। ਮੈਦਾਨੀ ਸੂਬਿਆਂ 'ਚ ਮੌਸਮ 28 ਅਪ੍ਰੈਲ ਤਕ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਮੱਧਮ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਦਿਨ ਦੇ ਤਾਪਮਾਨ 'ਚ ਥੋੜ੍ਹਾ ਵਾਧਾ ਵੇਖਣ ਨੂੰ ਮਿਲੇਗਾ।
ਉੱਥੇ ਹੀ ਕੌਮੀ ਰਾਜਧਾਨੀ ਦਿੱਲੀ 'ਚ ਇੱਕ ਵਾਰ ਫਿਰ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ ਕਈ ਦਿਨਾਂ ਤੋਂ ਇੱਥੇ ਹਲਕੀ ਬਾਰਸ਼ ਕਾਰਨ ਮੌਸਮ ਸੁਹਾਵਣਾ ਬਣਿਆ ਹੋਇਆ ਸੀ ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਤਾਪਮਾਨ ਫਿਰ ਤੋਂ ਵਧੇਗਾ। ਪਿਛਲੇ ਦਿਨ ਦਿੱਲੀ ਦਾ ਅਸਮਾਨ ਫਿਰ ਤੋਂ ਪੂਰੀ ਤਰ੍ਹਾਂ ਸਾਫ ਹੋ ਗਿਆ ਸੀ। ਇਸ ਕਾਰਨ ਗਰਮੀ ਵਧ ਗਈ ਹੈ। ਦਿੱਲੀ 'ਚ 10 ਦਿਨ ਦੇ ਅੰਦਰ ਤਾਪਮਾਨ 40 ਡਿਗਰੀ ਦਾ ਅੰਕੜਾ ਪਾਰ ਕਰ ਚੁੱਕਾ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ਤੋਂ ਲੈ ਕੇ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤਕ ਤਾਪਮਾਨ ਵਧੇਗਾ। ਦੂਜੇ ਪਾਸੇ ਦੱਖਣੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਸਕਾਈਮੇਟ ਵੈਦਰ ਅਨੁਸਾਰ ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ, ਕੇਰਲ ਤੇ ਆਂਧਰਾ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।