ਚੰਡੀਗੜ੍ਹ: ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਚੰਨੀ ਸਮੇਤ ਛੇ ਮੰਤਰੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਣਾਈ ਯੋਜਨਾ ਫੇਲ੍ਹ ਹੋ ਗਈ। ਇਨ੍ਹਾਂ ਮੰਤਰੀਆਂ ਨੇ ਬੁੱਧਵਾਰ ਦੀ ਵਰਚੁਅਲ ਕੈਬਨਿਟ ਮੀਟਿੰਗ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ ਪਰ ਹੋਰ ਮੰਤਰੀਆਂ ਨੇ ਇਸ ਸੱਦੇ ਨੂੰ ਅੱਖੋਂ ਪ੍ਰੋਖੇ ਕਰ ਦਿੱਤਾ। ਦਰਅਸਲ, ਇਸ ਵੇਲੇ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਸਿਖ਼ਰਾਂ ’ਤੇ ਹੈ। ਕੁਝ ਬਾਗ਼ੀ ਕਾਂਗਰਸੀ ਲੀਡਰ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਆਪਣੀ ਭੜਾਸ ਕੱਢਣ ’ਚ ਲੱਗੇ ਹੋਏ ਹਨ।

 

ਮੰਤਰੀ ਰੰਧਾਵਾ, ਚੰਨੀ, ਸੁਖਬਿੰਦਰ ਸਰਕਾਰੀਆ, ਤ੍ਰਿਪਤ ਰਾਜਿੰਦਰ ਬਾਜਵਾ ਤੇ ਗੁਰਪ੍ਰੀਤ ਕਾਂਗੜ ਇਸ ਵੇਲੇ ਨਵੀਂ ਦਿੱਲੀ ਦੇ ਪੰਜਾਬ ਭਵਨ ’ਚ ਹਨ ਤੇ ਉਹ ਪਾਰਟੀ ਹਾਈਕਮਾਨ ਤੇ ਉਹ ਪਾਰਟੀ ਦੇ ਤਿੰਨ ਮੈਂਬਰੀ ਪੈਨਲ ਸਾਹਮਣੇ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦੇ ਸਨ ਕਿ ਉਹ ਇਕੱਲੇ ਹੀ ਨਹੀਂ, ਸਗੋਂ ਸਮੁੱਚੀ ਕੈਬਨਿਟ ਹੀ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਹੀਂ ਹੈ। ਬਾਗ਼ੀ ਮੰਤਰੀਆਂ ਨੇ ਅਜਿਹਾ ਤਦ ਕੀਤਾ, ਜਦੋਂ ਅੱਜ ਵੀਰਵਾਰ ਨੂੰ ਮੁੱਖ ਮੰਤਰੀ ਨੇ ਇਸ ਪੈਨਲ ਸਾਹਮਣੇ ਪੇਸ਼ ਹੋਣਾ ਸੀ।

 

ਪਰ ਛੇ ਬਾਗ਼ੀ ਮੰਤਰੀਆਂ ਦਾ ‘ਬਾਈਕਾਟ’ ਦਾ ਸੱਦਾ ਨੇਪਰੇ ਨਹੀਂ ਚੜ੍ਹ ਸਕਿਆ। ਬਾਕੀ ਮੰਤਰੀਆਂ ਨੇ ਉਨ੍ਹਾਂ ਦੀ ਨਹੀਂ ਸੁਣੀ। ਉਨ੍ਹਾਂ ਸਾਰਿਆਂ ਨੇ ਇਹੋ ਦਲੀਲ ਦਿੱਤੀ ਕਿ ਰਾਜ ਸਭਾ ਐਮਪੀ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠਲੇ ਪੈਨਲ ਨੇ ਪੰਜਾਬ ਦੇ ਸਾਰੇ ਆਗੂਆਂ ਦਾ ਪੱਖ ਜਾਣ ਲਿਆ ਹੈ; ਅਜਿਹੇ ਸਮੇਂ ਮੁੱਖ ਮੰਤਰੀ ਵਿਰੁੱਧ ਮੁਹਿੰਮਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਇੰਝ ਕਰਨ ’ਤੇ ਅਜਿਹਾ ਜਾਪੇਗਾ ਕਿ ਪਾਰਟੀ ਦੇ ਨਾਰਾਜ਼ ਆਗੂਆਂ ਦਾ ਹਾਈ ਕਮਾਂਡ ਉੱਤੇ ਵੀ ਭਰੋਸਾ ਨਹੀਂ ਹੈ।

 

ਇਸ ਤੋਂ ਪਹਿਲਾਂ ਛੇ ਬਾਗ਼ੀ ਮੰਤਰੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਇਹ ਪੁਸ਼ਟੀ ਕਰ ਦਿੱਤੀ ਸੀ ਕਿ ਉਹ ਦਿੱਲੀ ਤੋਂ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਭਾਗ ਲੈਣਗੇ। ਛੇ ਹੋਰ ਮੰਤਰੀਆਂ ਬ੍ਰਹਮ ਮਹਿੰਦਰਾ, ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੋਤ, ਮਨਪ੍ਰੀਤ ਸਿੰਘ ਬਾਦਲ ਤੇ ਰਜ਼ੀਆ ਸੁਲਤਾਨਾ ਚੰਡੀਗੜ੍ਹ ਤੋਂ ਇਸ ਮੀਟਿੰਗ ਵਿੱਚ ਭਾਗ ਲਿਆ।

 

ਸੂਤਰਾਂ ਅਨੁਸਾਰ ਰੰਧਾਵਾ ਤੇ ਚੰਨੀ ਦੀ ਅਗਵਾਈ ਹੇਠ ਛੇ ਨਾਰਾਜ਼ ਮੰਤਰੀਆਂ ਨੇ ਕੈਬਨਿਟ ਦੀ ਮੀਟਿੰਗ ਦਾ ਬਾਈਕਾਟ ਕਰਨ ਦੀ ਗੱਲ ਕੀਤੀ। ਇਹ ਜਾਣਕਾਰੀ ਮਾਲਵਾ ਦੇ ਇੱਕ ਮੰਤਰੀ ਨੇ ਦਿੱਤੀ। ਪਰ ਅਰੁਣਾ ਚੌਧਰੀ ਤੇ ਕੁਝ ਹੋਰ ਮੰਤਰੀਆਂ ਨੇ ਬਾਈਕਾਟ ਦੇ ਇਸ ਸੱਦੇ ਦਾ ਸਾਥ ਨਹੀਂ ਦਿੱਤਾ, ਇੰਝ ਬਾਗ਼ੀਆਂ ਦੀ ਇਹ ਚਾਲ ਠੁੱਸ ਹੋ ਕੇ ਰਹਿ ਗਈ।

 

ਜਦੋਂ ਤ੍ਰਿਪਤ ਬਾਜਵਾ ਦੇ ਕਮਰੇ ਵਿੱਚ ਮੀਟਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਤਦ ਵਿਜੇ ਇੰਦਰ ਸਿੰਗਲਾ ਕਮਰੇ ਵਿੱਚ ਮੁੱਖ ਮੰਤਰੀ ਦਾ ਸੁਨੇਹਾ ਲੈ ਕੇ ਆਏ ਤੇ ਮੰਤਰੀਆਂ ਨੂੰ ਬੈਠਕ ਵਿੱਚ ਸ਼ਾਮਲ ਹੋਣ ਲਈ ਆਖਿਆ। ਤਦ ਬਾਗ਼ੀ ਮੰਤਰੀ ਵੀ ਮੀਟਿੰਗ ਨਾਲ ਆਨਲਾਈਨ ਆ ਜੁੜੇ।

 

ਸਾਰੇ ਮੰਤਰੀਆਂ ਨੂੰ ਸਵੇਰ ਵੇਲੇ ਹੀ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਅੱਜ ਦੀ ਇਸ ਆੱਨਲਾਈਨ ਮੀਟਿੰਗ ਦੌਰਾਨ ਸਿਰਫ਼ ਦੋ-ਨੁਕਾਤੀ ਏਜੰਡੇ ਉੱਤੇ ਹੀ ਵਿਚਾਰ ਹੋਵੇਗਾ। ਅੱਧੇ ਘੰਟੇ ’ਚ ਹੀ ਇਹ ਮੀਟਿੰਗ ਖ਼ਤਮ ਹੋ ਗਈ।