ਚੰਡੀਗੜ੍ਹ: ਸਮੁੱਚੇ ਪੰਜਾਬ ’ਚ ਕੋਵਿਡ-19 ਦੀ ਇਸ ਦੂਜੀ ਲਹਿਰ ਦੌਰਾਨ ਕੁੱਲ 17,191 ਬੱਚੇ ਪੌਜ਼ੇਟਿਵ ਪਾਏ ਜਾ ਚੁੱਕੇ ਹਨ ਪਰ ਉਨ੍ਹਾਂ ’ਚੋਂ ਕਿਸੇ ਨੂੰ ਵੀ ‘ਫ਼ਤਿਹ’ ਕਿਟ ਨਹੀਂ ਮਿਲੀ। ਇਹ ਸਰਕਾਰੀ ਅੰਕੜੇ ਦੱਸਦੇ ਹਨ।


 


ਸਿਹਤ ਵਿਭਾਗ ਨੇ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ‘ਫ਼ਤਿਹ’ ਕਿਟਸ ਦੀ ਸ਼ੁਰੂਆਤ ਕੀਤੀ ਸੀ; ਜਿਸ ਵਿੱਚ ਘਰਾਂ ’ਚ ਏਕਾਂਤਵਾਸ ਵਿੱਚ ਰਹਿਣ ਵਾਲੇ ਮਰੀਜ਼ਾਂ ਵਾਸਤੇ ਕੁਝ ਦਵਾਈਆਂ ਤੇ ਹੋਰ ਵਸਤਾਂ ਮੌਜੂਦ ਹੁੰਦੀਆਂ ਹਨ। ਇਸ ਪਹਿਲਕਦਮੀ ਦੀ ਕਾਫ਼ੀ ਸ਼ਲਾਘਾ ਹੋਈ ਸੀ ਪਰ ਇਸ ਕਿਟ ਵਿੱਚ ਮੌਜੂਦ ਸਾਰੀਆਂ ਦਵਾਈਆਂ ਸਿਰਫ਼ ਬਾਲਗ਼ਾਂ ਲਈ ਹਨ; ਇਨ੍ਹਾਂ ਕਿਟਸ ਵਿੱਚ ਬੱਚਿਆਂ ਲਈ ਕੋਈ ਦਵਾਈ ਕਦੇ ਨਹੀਂ ਰੱਖੀ ਗਈ।


 


ਇੱਕ ਵਕੀਲ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਕੋਵਿਡ-19 ਦੀ ਲਪੇਟ ’ਚ ਆ ਗਿਆ ਸੀ। ਸਾਨੂੰ ਖ਼ਾਸ ਤੌਰ ਉੱਤੇ ਆਪਣੇ ਬੱਚਿਆਂ ਲਈ ਪੀਣ ਵਾਲੀਆਂ ਦਵਾਈਆਂ ਤੇ ਹੋਰ ਦਵਾਈਆਂ ਖ਼ਰੀਦਣੀਆਂ ਪਈਆਂ ਸਨ ਕਿਉਂਕਿ ‘ਫ਼ਤਿਹ’ ਕਿੱਟਸ ਤਾਂ ਸਿਰਫ਼ ਬਾਲਗ਼ਾਂ ਲਈ ਹੀ ਹਨ।


 


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਬੱਚੇ ਲਈ ਦਵਾਈ ਦੀ ਡੋਜ਼ ਬਾਲਗ਼ ਨਾਲੋਂ ਵੱਖਰੀ ਕਿਸਮ ਦੀ ਹੁੰਦੀ ਹੈ। ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਬਾਲ ਰੋਗਾਂ ਦੇ ਮਾਹਿਰ ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਡੇ ਕੋਲ ਖ਼ਾਸ ਦਵਾਈਆਂ ਮੌਜੂਦ ਹੁੰਦੀਆਂ ਹਨ। ਉਨ੍ਹਾਂ ਨੂੰ ਗੋਲੀਆਂ ਦੀ ਥਾਂ ਪੀਣ ਵਾਲੀਆਂ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਹਲ।


 


ਦੱਸ ਦੇਈਏ ਕਿ ਹੁਣ ਜਦੋਂ ਮਹਾਮਾਰੀ ਦੀ ਤੀਜੀ ਲਹਿਰ ਸਿਰ ’ਤੇ ਆਣ ਖਲੋਤੀ ਹੈ, ਅਜਿਹੇ ਵੇਲੇ ਬੱਚਿਆਂ ਵਾਸਤੇ ‘ਫ਼ਤਿਹ’ ਕਿਟਸ ਦਾ ਨਾ ਹੋਣਾ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈ ਕਿਉਂਕਿ ਇਹ ਤੀਜੀ ਲਹਿਰ ਬੱਚਿਆਂ ਉੱਤੇ ਵਧੇਰੇ ਅਸਰਅੰਦਾਜ਼ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮਾਹਿਰ ਪਹਿਲਾਂ ਹੀ ਇਸ ਬਾਰੇ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਸਾਵਧਾਨ ਕਰ ਚੁੱਕੇ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।