ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ 16 ਤੇ 17 ਜਨਵਰੀ ਨੂੰ ਬੁਲਾਇਆ ਗਿਆ ਹੈ। ਇਸ ਦੇ ਪਹਿਲੇ ਦਿਨ ਦਾ ਸੈਸ਼ਨ ਵਿਰੋਧੀ ਧਿਰ 'ਆਪ' ਤੇ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖਿਲਾਫ ਕੀਤੇ ਪ੍ਰਦਰਸ਼ਨ ਕਰਕੇ ਮੁਅੱਤਲ ਹੋ ਗਿਆ। ਇਸ ਦੇ ਦੂਜੇ ਦਿਨ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ। ਵਿਰੋਧੀ ਧਿਰਾਂ ਨੇ ਅੱਜ ਵੀ ਸੂਬਾ ਸਰਕਾਰ ਨੂੰ ਬਿਜਲੀ ਦੇ ਬਿੱਲਾਂ 'ਤੇ ਘੇਰਿਆ ਤੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਖਿਡੌਣੇ ਵਿਖਾਏ।

ਆਮ ਆਦਮੀ ਪਾਰਟੀ ਨੇ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਧਰਨੇ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵਿਧਾਇਕਾਂ ਨਾਲ ਸ਼ਾਮਲ ਹੋਏ। 'ਆਪ' ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ 'ਤੇ ਵੱਡੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਪੰਜਾਬ ਨੂੰ ਲੁੱਟਣ 'ਚ ਦੋਵਾਂ ਪਾਰਟੀਆਂ ਦਾ ਹੱਥ ਹੈ।

'ਆਪ' ਨੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਆਖਰਕਾਰ ਵ੍ਹਾਈਟ ਪੇਪਰ ਲਿਆਉਣ ਤੋਂ ਬਾਅਦ ਕੀ ਬਿਜਲੀ ਦੇ ਰੇਟ ਪੰਜਾਬ 'ਚ ਘੱਟ ਜਾਣਗੇ। ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਇਕ ਦਲ ਦੀ ਬੈਠਕ ਭਗਵੰਤ ਮਾਨ ਵੱਲੋਂ ਲਈ ਗਈ। ਇਸ ਵਿੱਚ ਤੈਅ ਕੀਤਾ ਗਿਆ ਕਿ ਸੀਏਏ, ਐਨਆਰਸੀ ਤੇ ਐਨਪੀਆਰ ਦਾ ਆਮ ਆਦਮੀ ਪਾਰਟੀ ਵਿਧਾਨ ਸਭਾ 'ਚ ਵਿਰੋਧ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਕਾਨੂੰਨ ਦੇ ਖਿਲਾਫ ਖੜ੍ਹੀ ਹੋਵੇਗੀ ਤੇ ਲਾਗੂ ਨਾ ਹੋਣ 'ਤੇ ਜ਼ੋਰ ਦੇਵੇਗੀ।

ਅਕਾਲੀ ਦਲ 'ਤੇ ਇਲਜ਼ਾਮ ਲਾਉਂਦੇ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਲੋਕ ਸਭਾ 'ਚ ਇਸ ਬਿੱਲ ਦੀ ਸਪੋਰਟ ਕੀਤੀ ਸੀ। ਉਨ੍ਹਾਂ ਨੇ ਲੋਕ ਸਭਾ 'ਚ ਸੀਏਏ ਦੇ ਹੱਕ 'ਚ ਬੋਲਣ ਤੋਂ ਬਾਅਦ ਪੰਜਾਬ ਆ ਕੇ ਆਪਣਾ ਬਿਆਨ ਬਦਲਿਆ।