ਨਵੀਂ ਦਿੱਲੀ: ਦੇਸ਼ ਦੇ 1% ਅਮੀਰਾਂ ਦੀ ਦੌਲਤ 95.3 ਕਰੋੜ ਲੋਕਾਂ ਦੀ ਕੁੱਲ ਦੌਲਤ ਯਾਨੀ 70% ਆਬਾਦੀ ਨਾਲੋਂ ਚਾਰ ਗੁਣਾ ਵਧੇਰੇ ਹੈ। ਸਾਰੇ ਭਾਰਤੀ ਅਰਬਪਤੀਆਂ ਦੀ ਦੌਲਤ ਦੇਸ਼ ਦੇ ਇੱਕ ਸਾਲ ਦੇ ਬਜਟ ਤੋਂ ਵੀ ਵੱਧ ਹੈ। ਇਹ ਅੰਕੜੇ ਵਿਸ਼ਵ ‘ਚ ਗਰੀਬੀ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਸੰਸਥਾ ਆਕਸਫੈਮ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ‘ਟਾਈਮ ਟੂ ਕੇਅਰ’ ਰਿਪੋਰਟ ‘ਚ ਸਾਹਮਣੇ ਆਏ।


ਰਿਪੋਰਟ ‘ਚ ਕਿਹਾ ਗਿਆ ਹੈ ਕਿ ਬਹੁਤ ਸਾਰੀਆਂ ਗਲੋਬਲ ਅਸਮਾਨਤਾਵਾਂ ਦੀ ਸਥਿਤੀ ਹੈਰਾਨ ਕਰਨ ਵਾਲੀ ਹੈ। ਪਿਛਲੇ 10 ਸਾਲਾਂ ‘ਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਹਾਲਾਂਕਿ ਪਿਛਲੇ ਸਾਲ ‘ਚ ਉਨ੍ਹਾਂ ਦੀ ਕੁੱਲ ਜਾਇਦਾਦ ਘਟ ਗਈ ਹੈ। ਆਕਸਫੈਮ ਇੰਡੀਆ ਦੇ ਸੀਈਓ ਅਮਿਤਾਭ ਬਿਹਾਰ ਦਾ ਕਹਿਣਾ ਹੈ ਕਿ ਅਸਮਾਨਤਾ ਨੂੰ ਖ਼ਤਮ ਕਰਨ ਦੀਆਂ ਨੀਤੀਆਂ ਤੋਂ ਬਗੈਰ ਅਮੀਰ ਤੇ ਗਰੀਬ ਵਿਚਾਲੇ ਦੂਰੀਆਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।

ਆਕਸਫੈਮ ਨੇ 'ਵਰਲਡ ਇਕਨਾਮਿਕ ਫੋਰਮ' (ਡਬਲਯੂਈਐਫ) ਸ਼ੁਰੂ ਹੋਣ ਤੋਂ ਪਹਿਲਾਂ ਇੱਕ 'ਟਾਈਮ ਟੂ ਕੇਅਰ' ਰਿਪੋਰਟ ਜਾਰੀ ਕੀਤੀ ਹੈ। ਪੰਜ ਰੋਜ਼ਾ ਗਲੋਬਲ ਸੰਮੇਲਨ ‘ਡਬਲਯੂਈਐਫ’ ਮੰਗਲਵਾਰ ਤੋਂ ਦਾਵੋਸ 'ਚ ਸ਼ੁਰੂ ਹੋਵੇਗਾ। ਇਸ 'ਚ ਪੂਰੀ ਦੁਨੀਆ ਦੇ 119 ਅਰਬਪਤੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਰਾਜਨੀਤੀ ਤੇ ਹੋਰ ਖੇਤਰਾਂ ਦੇ ਦਿੱਗਜ ਵੀ ਹਿੱਸਾ ਲੈਣਗੇ।

ਸੰਮੇਲਨ ਵਿੱਚ 'ਟਿਕਾਉ ਤੇ ਸਹਿਯੋਗੀ ਵਿਸ਼ਵ' ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਆਮਦਨੀ ਤੇ ਲਿੰਗ ਅਸਮਾਨਤਾ ਬਾਰੇ ਵੀ ਇਸ ਦੌਰਾਨ ਵਿਚਾਰ ਕੀਤੇ ਜਾਣ ਦੀ ਉਮੀਦ ਹੈ। ਡਬਲਯੂਈਐਫ ਦੀ ਗਲੋਬਲ ਜੋਖਮ ਰਿਪੋਰਟ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਸਾਲ 2019 'ਚ ਜਾਰੀ ਵਿੱਤੀ ਅਸਮਾਨਤਾ ਤੇ ਵਿਸ਼ਾਲ-ਆਰਥਿਕ ਜੋਖਮਾਂ ਦੇ ਕਾਰਨ ਗਲੋਬਲ ਆਰਥਿਕਤਾ 'ਤੇ ਦਬਾਅ ਵਧੇਗਾ।