ਅਟਲਾਂਟਾ: ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਬਹੁਤ ਸਾਰੇ ਦੇਸ਼ਾਂ 'ਚ ਲੋਕ ਕਈ ਹਫ਼ਤਿਆਂ ਤੋਂ ਘਰਾਂ ਤਕ ਹੀ ਸੀਮਤ ਰਹਿ ਗਏ ਹਨ। ਇਸ ਵਾਇਰਸ ਕਾਰਨ ਮੌਤਾਂ ਦਾ ਅੰਕੜਾ ਦੋ ਲੱਖ ਦੀ ਗਿਣਤੀ ਪਾਰ ਕਰ ਗਿਆ ਹੈ ਪਰ ਹੁਣ ਕੁਝ ਦੇਸ਼ ਲੌਕਡਾਊਨ 'ਚ ਸਾਵਧਾਨੀ ਭਰਪੂਰ ਭਿੱਲ ਦੇਣ ਦੀ ਦਿਸ਼ਾ 'ਚ ਕਦਮ ਚੁੱਕ ਰਹੇ ਹਨ। ਹਾਲਾਂਕਿ ਇਹ ਸੰਭਵ ਹੈ ਕਿ ਮਹਾਮਾਰੀ ਨੂੰ ਦੇਖਦਿਆਂ ਕਈ ਕਾਰੋਬਾਰ ਖੋਲ੍ਹਣ ਤੋਂ ਗੁਰੇਜ਼ ਕਰਨ।
ਮਾਹਿਰਾਂ ਦੀ ਚੇਤਾਵਨੀ ਦੇ ਬਾਵਜੂਦ ਜੌਰਜੀਆ, ਓਕਲਾਹੋਮਾ ਤੇ ਅਲਾਸਕਾ ਨੇ ਕਾਰੋਬਾਰ 'ਤੇ ਪਾਬੰਦੀਆਂ 'ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਮਾਹਿਰਾਂ ਮੁਤਾਬਕ ਪਾਬੰਦੀਆਂ 'ਚ ਢਿੱਲ ਦੇਣ ਦਾ ਇਹ ਸਹੀ ਸਮਾਂ ਨਹੀਂ। ਜੌਰਜੀਆ ਦੇ ਗਵਰਨਰ ਦੇ ਐਲਾਨ ਮਗਰੋਂ ਲਾਇਨ ਡੇਨ ਫਿਟਨੈੱਸ ਦੇ ਸੀਈਓ ਤੇ ਸੰਸਥਾਪਕ ਸ਼ੌਨ ਗਿਨਗ੍ਰਿਚ ਨੇ ਅਟਲਾਂਟਾ 'ਚ ਜਿੰਮ ਬੰਦ ਰੱਖਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕੇ ਹਾਂ। ਅਜਿਹੇ 'ਚ ਜੇਕਰ ਹੁਣ ਅਜਿਹਾ ਕਦਮ ਚੁੱਕਾਂਗੇ ਤਾਂ ਮਾਮਲੇ ਤੇਜ਼ੀ ਨਾਲ ਵਧਣਗੇ।
ਭਾਰਤ 'ਚ ਵੀ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ ਪਰ ਲੌਕਡਾਊਨ 'ਚ ਇਹ ਢਿੱਲ ਉਨ੍ਹਾਂ ਇਲਾਕਿਆਂ 'ਤੇ ਲਾਗੂ ਨਹੀਂ ਹੋਵੇਗੀ ਜਿੱਥੇ ਵਾਇਰਸ ਦਾ ਵੱਧ ਪ੍ਰਭਾਵ ਹੈ। ਸ਼ੌਪਿੰਗ ਮਾਲ ਵੀ ਨਹੀਂ ਖੁੱਲ੍ਹਣਗੇ। ਲੋਕਾਂ ਨੂੰ ਰਾਸ਼ਨ, ਦਵਾਈ ਤੇ ਹੋਰ ਜ਼ਰੂਰੀ ਸਮਾਨ ਲੈਣ ਲਈ ਘਰ ਤੋਂ ਬਾਹਰ ਨਿੱਕਲਣ ਦਿੱਤਾ ਜਾਵੇਗਾ। ਇੱਥੇ ਪਿਛਲੇ ਹਫ਼ਤੇ ਪੇਂਡੂ ਇਲਾਕਿਆਂ 'ਚ ਉਤਪਾਦਨ ਤੇ ਖੇਤੀ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ।
ਸ੍ਰੀਲੰਕਾ ਨੇ ਵੀ ਦੋ ਤਿਹਾਈ ਤੋਂ ਵੱਧ ਖੇਤਰ 'ਚ ਮਹੀਨੇ ਭਰ ਤੋਂ ਜਾਰੀ ਕਰਫ਼ਿਊ 'ਚ ਅੰਸ਼ਕ ਢਿੱਲ ਦਿੱਤੀ ਸੀ ਪਰ ਵਾਇਰਸ ਦੇ 46 ਨਵੇਂ ਮਾਮਲੇ ਸਾਹਮਣੇ ਆਉਂਦਿਆਂ ਹੀ ਦੇਸ਼ ਭਰ 'ਚ ਸੋਮਵਾਰ ਤਕ 24 ਘੰਟਿਆਂ ਦਾ ਲੌਕਡਾਊਨ ਲਾ ਦਿੱਤਾ। ਨੌਰਵੇ ਨੇ ਕੰਮਾਂ 'ਤੇ ਇਕ ਸਤੰਬਰ ਤਕ ਪਾਬੰਦੀ ਲਾ ਦਿੱਤੀ ਹੈ। ਇਟਲੀ 'ਚ ਪਾਬੰਦੀਆਂ ਚ ਚਾਰ ਮਈ ਤੋਂ ਰਾਹਤ ਮਿਲੇਗੀ। ਫਰਾਂਸ 'ਚ 11 ਮਈ ਤੋਂ ਲੌਕਡਾਊਨ ਚ ਰਾਹਤ ਮਿਲ ਸਕਦੀ ਹੈ।