ਗੁਰਦਾਸਪੁਰ: ਗੁਰਦੁਆਰਾ ਸੁਧਾਰ ਲਹਿਰ ਦੌਰਾਨ 1921 'ਚ ਵਾਪਰੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਉਲੀਕੇ ਕੌਮੀ ਸਮਾਗਮਾਂ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਨਗਰ ਗੋਧਰਪੁਰ ਵਿਖੇ ਅੱਜ ਇਸਤਰੀ ਸੰਮੇਲਨ ਕਰਵਾਇਆ ਗਿਆ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਜਥੇ ਦੀ ਅਗਵਾਈ ਕਰਨ ਵਾਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਪਰਿਵਾਰ ਦੇਸ਼ ਵੰਡ ਮਗਰੋਂ ਇਸ ਨਗਰ ’ਚ ਆ ਕੇ ਵੱਸਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਥੇ 3 ਦਿਨਾਂ ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਦੀ ਸ਼ੁਰੂਆਤ ਬੀਤੇ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਈ। 


 


ਅੱਜ ਦੂਸਰੇ ਦਿਨ ਕਰਵਾਏ ਗਏ ਇਸਤਰੀ ਸੰਮੇਲਨ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਪੰਥਕ ਹੱਥਾਂ 'ਚ ਲਿਆਉਣ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਕੌਮ ਨੂੰ ਇਸ ਸਾਕੇ ਨੇ ਸੰਗਠਤ ਕਰਕੇ ਭਵਿੱਖ ਲਈ ਕੇਵਲ ਸੁਚੇਤ ਹੀ ਨਹੀਂ ਕੀਤਾ, ਸਗੋਂ ਆਪਣੇ ਗੁਰਧਾਮਾਂ ਦੀ ਮਾਣ-ਮਰਯਾਦਾ ਲਈ ਕੁਰਬਾਨ ਹੋਣ ਦਾ ਜਜ਼ਬਾ ਵੀ ਪ੍ਰਚੰਡ ਕੀਤਾ। 




ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਾਕੇ ਦੌਰਾਨ ਬੀਬੀਆਂ ਦੀ ਸਮੂਲੀਅਤ ਵੀ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਹੈ, ਇਸੇ ਲਈ ਸ਼ਤਾਬਦੀ ਸਮਾਗਮਾਂ ਦੌਰਾਨ ਇਕ ਦਿਨ ਦਾ ਸਮਾਗਮ ਇਤਿਹਾਸ ਦੀ ਅਹਿਮ ਪਾਤਰ ਬੀਬੀ ਤੇਜ ਕੌਰ ਤੇ ਬੀਬੀ ਇੰਦਰ ਕੌਰ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਬੀਬੀਆਂ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ ਅਤੇ ਮੌਜੂਦਾ ਸਮੇਂ ਅੰਦਰ ਬੀਬੀਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਹੈ। 


 


ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਗੁਰਸਿੱਖੀ ਅਤੇ ਇਤਿਹਾਸ ਨਾਲ ਜੋੜਨਾ ਬੀਬੀਆਂ ਦਾ ਫ਼ਰਜ਼ ਹੈ, ਜਿਸ ਨੂੰ ਉਹ ਸੰਜੀਦਗੀ ਨਾਲ ਨਿਭਾਉਣ। ਕੌਮੀ ਭਵਿੱਖ ਦੀ ਬਿਹਤਰੀ ਲਈ ਬੱਚਿਆਂ ਅੰਦਰ ਸਿੱਖ ਸਰੋਕਾਰ ਪੈਦਾ ਕਰਨ ਲਈ ਮਾਵਾਂ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦੇ ਸੌ ਸਾਲਾ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ’ਤੇ ਚੱਲ ਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਯਤਨ ਕਰੇ।