ਮਹਿਤਾਬ-ਉਦ-ਦੀਨ
ਚੰਡੀਗੜ੍ਹ: ਬੀਤੀ 15 ਅਗਸਤ, ਜਦ ਤੋਂ ਅਫ਼ਗ਼ਾਨਿਸਤਾਨ ’ਤੇ ਤਾਲਿਬਾਨੀ ਕਬਜ਼ਾ ਹੋਇਆ ਹੈ, ਤਦ ਤੋਂ ਹੀ ਪੂਰੀ ਦੁਨੀਆ ਨੂੰ ਉੱਥੋਂ ਦੀਆਂ ਘੱਟ-ਗਿਣਤੀਆਂ (ਹਿੰਦੂ, ਸਿੱਖ, ਈਸਾਈ) ਤੇ ਔਰਤਾਂ ਦੀ ਡਾਢੀ ਚਿੰਤਾ ਲੱਈ ਹੋਈ ਹੈ। ਇਤਿਹਾਸ ਉੱਪਰ ਨਜ਼ਰ ਮਾਰੀਏ ਤਾਂ ਤਾਲਿਬਾਨ ਤੇ ਉਨ੍ਹਾਂ ਦੇ ਸਮਰਥਕ ਇਨ੍ਹਾਂ ’ਤੇ ਹੀ ਸਭ ਤੋਂ ਵੱਧ ਤਸ਼ੱਦਦ ਢਾਹੁੰਦੇ ਹਨ। ਉਨ੍ਹਾਂ ਦੀ ਤਾਂ ਸਭ ਨੂੰ ਫ਼ਿਕਰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ’ਚ ਇਸ ਵੇਲੇ ਹਜ਼ਾਰਾਂ ਅਫ਼ਗ਼ਾਨ ਵਿਦਿਆਰਥੀ ਵੱਖੋ-ਵੱਖਰੀਆਂ ਯੂਨੀਵਰਸਿਟੀਜ਼ ਤੇ ਵੱਡੇ ਕਾਲਜਾਂ/ਸੰਸਥਾਨਾਂ ਵਿੱਚ ਪੜ੍ਹ ਰਹੇ ਹਨ। ਉਨ੍ਹਾਂ ਦੇ ਸਾਹ ਇਸ ਵੇਲੇ ਸੂਤੇ ਹੋਏ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਕੀ ਕੀਤਾ ਜਾਵੇ।
ਪੁਣੇ ’ਚ ਇਸ ਵੇਲੇ ਸੈਂਕੜੇ ਅਫ਼ਗ਼ਾਨ ਵਿਦਿਆਰਥੀ ਪੜ੍ਹ ਰਹੇ ਹਨ; ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਲੜਕੀਆਂ ਦੀ ਵੀ ਹੈ। ਉਨ੍ਹਾਂ ਨੂੰ ਇੱਕ ਪਾਸੇ ਤਾਂ ਇਹ ਖ਼ੁਸ਼ੀ ਹੈ ਕਿ ਉਹ ਤਾਲਿਬਾਨ ਦੀਆਂ ਵਧੀਕੀਆਂ ਤੋਂ ਹਾਲ ਦੀ ਘੜੀ ਦੂਰ ਹਨ ਪਰ ਫਿਰ ਆਪਣੇ ਮਾਪਿਆਂ ਤੇ ਹੋਰ ਭੈਣਾਂ-ਭਰਾਵਾਂ ਬਾਰੇ ਸੋਚ ਕੇ ਉਹ ਡਾਢੀਆਂ ਫ਼ਿਕਰਮੰਦ ਹੋ ਜਾਂਦੀਆਂ ਹਨ ਕਿ ਤਾਲਿਬਾਨ ਦੇ ਸਥਾਨਕ ਕੱਟੜਪੰਥੀ ਪ੍ਰਸ਼ਾਸਕਾਂ ਨੇ ਉਨ੍ਹਾਂ ਦਾ ਕੀ ਹਾਲ ਕੀਤਾ ਹੋਣਾ ਹੈ।
ਅਜਿਹੀਆਂ ਕੁਝ ਅਫ਼ਗ਼ਾਨ ਵਿਦਿਆਰਥਣਾਂ ਨੇ ਪੁਣੇ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਾਲਿਬਾਨ ਨੇ ਉੱਥੇ ਐਲਾਨ ਕਰ ਦਿੱਤਾ ਹੈ ਕਿ ਕੋਈ ਵੀ ਔਰਤ ਤਦ ਤੱਕ ਘਰੋਂ ਬਾਹਰ ਨਹੀਂ ਨਿੱਕਲੇਗੀ, ਜਦੋਂ ਤੱਕ ਉਸ ਨਾਲ ਘਰ ਦਾ ਕੋਈ ਮਰਦ ਮੈਂਬਰ ਨਹੀਂ ਹੋਵੇਗਾ ਪਰ ਕੁਝ ਪਰਿਵਾਰ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਵਿੱਚ ਮਰਦ ਮੈਂਬਰ ਕੋਈ ਵੀ ਨਹੀਂ, ਉਸ ਪਰਿਵਾਰ ਦੀਆਂ ਔਰਤਾਂ ਕੀ ਕਰਨਗੀਆਂ?
ਤਾਲਿਬਾਨ ਦਾ ਸ਼ਾਸਨ ਦੁਬਾਰਾ ਆਉਣ ਨਾਲ ਹੁਣ ਭਾਰਤ ’ਚ ਉੱਚ ਸਿੱਖਿਆ ਹਾਸਲ ਕਰ ਰਹੇ ਅਫ਼ਗ਼ਾਨ ਵਿਦਿਆਰਥੀਆਂ; ਖ਼ਾਸ ਕਰਕੇ ਵਿਦਿਆਰਥਣਾਂ ਨੂੰ ਤਾਲਿਬਾਨ ਦੀ ਪੁਰਾਣੀ ਹਕੂਮਤ ਦੇ 1996 ਤੋਂ 2001 ਵਾਲੇ ਉਹ ਪੁਰਾਣੇ ਅਤਿ ਡਰਾਉਣੇ ਦਿਨ ਯਾਦ ਆ ਜਾਂਦੇ ਹਨ, ਜਦੋਂ ਔਰਤਾਂ ਨੂੰ ਪੜ੍ਹਨ ਨਹੀਂ ਸੀ ਦਿੱਤਾ ਜਾਂਦਾ। ਉਨ੍ਹਾਂ ਨੂੰ ਜ਼ਬਰਦਸਤੀ ਬੁਰਕਾ ਪਾਉਣ ਲਈ ਆਖਿਆ ਜਾਂਦਾ ਸੀ, ਬਿਨਾ ਕਿਸੇ ਮਰਦ ਦੇ ਘਰੋਂ ਬਾਹਰ ਨਿੱਕਲਣ ਤੋਂ ਵਰਜਿਆ ਜਾਂਦਾ ਸੀ ਤੇ ਵਿਆਹ ਦੇ ਨਾਂ ਹੇਠ ਉਨ੍ਹਾਂ ਨੂੰ ਸੈਕਸ ਗ਼ੁਲਾਮੀ ਵੱਲ ਧੱਕ ਦਿੱਤਾ ਜਾਂਦਾ ਸੀ।
ਇਸੇ ਲਈ ਭਾਰਤ ’ਚ ਪੜ੍ਹ ਰਹੀਆਂ ਅਫ਼ਗ਼ਾਨ ਕੁੜੀਆਂ ਨੂੰ ਉਨ੍ਹਾਂ ਭਰੋਸਿਆਂ ਉੱਤੇ ਬਿਲਕੁਲ ਵੀ ਯਕੀਨ ਨਹੀਂ, ਜੋ ਉਹ ਹੁਣ ਔਰਤਾਂ ਤੇ ਹੋਰ ਨਾਗਰਿਕਾਂ ਦੀ ਸੁਰੱਖਿਆ ਲਈ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਦਾ ਇਤਿਹਾਸ ਗਵਾਹ ਹੈ ਕਿ ਉਹ ਕਦੇ ਨਹੀਂ ਚਾਹੁਣਗੇ ਕਿ ਕੁੜੀਆਂ ਪੜ੍ਹਨ ਜਾਂ ਕੋਈ ਨੌਕਰੀਆਂ ਕਰਨ। ਇਸੇ ਲਈ ਇਨ੍ਹਾਂ ਵਿਦਿਆਰਥਣਾਂ ਨੂੰ ਹੁਣ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਾ ਲੱਗੀ ਹੋਈ ਹੈ। ਇਹ ਅਫ਼ਗ਼ਾਨ ਬੱਚੇ ਜ਼ਿਆਦਾਤਰ ਪੁਣੇ ਦੇ ਨਾਲ-ਨਾਲ ਬੈਂਗਲੁਰੂ, ਦਿੱਲੀ, ਹੈਦਰਾਬਾਦ ਤੇ ਮੁੰਬਈ ’ਚ ਪੜ੍ਹ ਰਹੇ ਹਨ। ਸਾਲ 2019-20 ਦੀ ਰਿਪੋਰਟ ਅਨੁਸਾਰ ਭਾਰਤ ’ਚ 4,504 ਅਫ਼ਗ਼ਾਨ ਨਾਗਰਿਕਾਂ ਨੇ ਭਾਰਤੀ ਵਿਦਿਅਕ ਸੰਸਥਾਨਾਂ ’ਚ ਦਾਖ਼ਲੇ ਲਏ ਸਨ।
ਦਰਅਸਲ, ਹੋਰਨਾਂ ਮੁਲਕਾਂ ਦੇ ਮੁਕਾਬਲੇ ਭਾਰਤ ’ਚ ਪੜ੍ਹਾਈ ਕਰਨਾ ਕਾਫ਼ੀ ਸਸਤਾ ਹੈ, ਰਹਿਣਾ-ਸਹਿਣਾ ਵੀ ਮਹਿੰਗਾ ਨਹੀਂ ਹੈ ਤੇ ਫਿਰ ਸਭਿਆਚਾਰਕ ਸਮਾਨਤਾਵਾਂ ਵੀ ਕਾਫ਼ੀ ਹਨ। ਇਸੇ ਲਈ ਅਫ਼ਗ਼ਾਨ ਬੱਚੇ ਭਾਰਤ ’ਚ ਆ ਕੇ ਉੱਚ ਸਿੱਖਿਆ ਹਾਸਲ ਕਰਨ ਨੂੰ ਪਹਿਲ ਦਿੰਦੇ ਹਨ ਪਰ ਹੁਣ ਇਹ ਬੱਚੇ ਹੁਣ ਆਪਣੇ ਮੁਲਕ ਵਾਪਸ ਜਾਣ ਤੋਂ ਝਿਜਕਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉੱਥੇ ਜਾਣਾ ਹੁਣ ‘ਮੌਤ ਦੇ ਸਮਾਨ’ ਹੈ।
ਭਾਰਤ ’ਚ ਪੜ੍ਹ ਰਹੀਆਂ ਹਜ਼ਾਰਾਂ ਅਫ਼ਗ਼ਾਨ ਕੁੜੀਆਂ ਫਿਕਰਮੰਦ, ਦੇਸ਼ ਜਾਣ 'ਤੇ ਉਨ੍ਹਾਂ ਨਾਲ ਕੀ ਹੋਏਗਾ?
ਏਬੀਪੀ ਸਾਂਝਾ
Updated at:
19 Aug 2021 03:31 PM (IST)
ਬੀਤੀ 15 ਅਗਸਤ, ਜਦ ਤੋਂ ਅਫ਼ਗ਼ਾਨਿਸਤਾਨ ’ਤੇ ਤਾਲਿਬਾਨੀ ਕਬਜ਼ਾ ਹੋਇਆ ਹੈ, ਤਦ ਤੋਂ ਹੀ ਪੂਰੀ ਦੁਨੀਆ ਨੂੰ ਉੱਥੋਂ ਦੀਆਂ ਘੱਟ-ਗਿਣਤੀਆਂ (ਹਿੰਦੂ, ਸਿੱਖ, ਈਸਾਈ) ਤੇ ਔਰਤਾਂ ਦੀ ਡਾਢੀ ਚਿੰਤਾ ਲੱਈ ਹੋਈ ਹੈ।
afghan_girls
NEXT
PREV
Published at:
19 Aug 2021 03:31 PM (IST)
- - - - - - - - - Advertisement - - - - - - - - -