ਚੰਡੀਗੜ੍ਹ: ਕਸ਼ਮੀਰ ਵਿੱਚ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੰਜ ਫੌਜੀਆਂ ਵਿੱਚ ਤਿੰਨ ਪੰਜਾਬੀ ਹਨ। ਇਨ੍ਹਾਂ ਵਿੱਚ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ ਤੇ ਸਿਪਾਹੀ ਗੱਜਣ ਸਿੰਘ ਸ਼ਾਮਲ ਹਨ। ਇਨ੍ਹਾਂ ਸ਼ਹੀਦਾਂ ਵਿੱਚ ਮੈਕੇਨਾਈਜ਼ਡ ਇਨਫੈਂਟਰੀ (1 ਸਿੱਖ) ਦੇ ਯੂਨਿਟ-4 ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਨਾ ਤਲਵੰਡੀ ਨਾਲ ਸਬੰਧਤ ਹਨ। 11 ਸਿੱਖ ਦੇ ਨਾਇਕ ਮਨਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਘਣੀਕੇ ਬਾਂਗਰ ਨੇੜਲੇ ਪਿੰਡ ਚੱਠਾ ਸ਼ੀਰਾ ਤੇ 23 ਸਿੱਖ ਦੇ ਸਿਪਾਹੀ ਗੱਜਣ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਪਛਰੰਦਾ ਨਾਲ ਸਬੰਧਤ ਹਨ।

ਜਸਵਿੰਦਰ ਸਿੰਘ ਦਾ ਪੂਰਾ ਪਰਿਵਾਰ ਦੇਸ਼ ਸੇਵਾ ਨੂੰ ਸਮਰਪਿਤ

ਜੂਨੀਅਰ ਕਮਿਸ਼ਨ ਅਫ਼ਸਰ ਜਸਵਿੰਦਰ ਸਿੰਘ ਜ਼ਿਲ੍ਹਾ ਕਪੂਰਥਲਾ ਹਲਕਾ ਦੇ ਭੁਲੱਥ ਵਿੱਚ ਪੈਂਦੇ ਪਿੰਡ ਮਾਨਾਂਤਲਵੰਡੀ ਦਾ ਵਸਨੀਕ ਹੈ। ਉਹ ਇਸ ਵੇਲੇ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਵਜੋਂ ਡਿਊਟੀ ਕਰ ਰਹੇ ਸੀ। ਸ਼ਹੀਦ ਜਸਵਿੰਦਰ ਸਿੰਘ ਦਾ ਪਰਿਵਾਰ ਦੇਸ਼ ਸੇਵਾ ਨੂੰ ਸਮਰਪਿਤ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਭਾਰਤੀ ਫੌਜ ਵਿੱਚੋਂ ਕੈਪਟਨ ਰੈਂਕ ਤੋਂ ਰਿਟਾਇਰਡ ਹਨ ਜਿਨ੍ਹਾਂ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ।

ਉਨ੍ਹਾਂ ਦੇ ਭਰਾ ਰਜਿੰਦਰ ਸਿੰਘ ਵੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਚੁੱਕਾ ਹੈ ਜੋ ਹੁਣ ਹੌਲਦਾਰ ਰੈਂਕ ਨਾਲ ਰਿਟਾਇਰਡ ਹੋ ਚੁੱਕਾ ਹੈ। ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਵਿੱਚ ਬਜੁਰਗ ਮਾਂ, ਪਤਨੀ ਸੁਖਪ੍ਰੀਤ ਕੌਰ, 13 ਸਾਲ ਦਾ ਪੁੱਤਰ ਵਿਕਰਮਜੀਤ ਸਿੰਘ, 11 ਸਾਲ ਦੀ ਧੀ ਹਰਨੂਰ ਕੌਰ ਤੇ ਭਰਾ ਰਜਿੰਦਰ ਸਿੰਘ ਦਾ ਪਰਿਵਾਰ ਤੇ ਪਿੰਡ ਵਾਸੀ ਜਿਥੇ ਸੋਗ ਵਿੱਚ ਹਨ।

ਗੱਜਣ ਸਿੰਘ ਦਾ ਫਰਵਰੀ ਵਿੱਚ ਹੋਇਆ ਸੀ ਵਿਆਹ
 
ਰੋਪੜ ਜ਼ਿਲ੍ਹੇ ਦੇ ਪਚਰੰਦਾ ਪਿੰਡ ਦਾ 27 ਸਾਲਾ ਕਾਂਸਟੇਬਲ ਗੱਜਣ ਸਿੰਘ ਸ਼ਹੀਦ ਹੋ ਗਿਆ ਹੈ। ਗੱਜਣ ਸਿੰਘ ਦਾ ਵਿਆਹ ਫਰਵਰੀ ਵਿੱਚ ਹੀ ਹੋਇਆ ਸੀ। ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਤੇ ਪਰਿਵਾਰ ਵਿੱਚ ਨੌਕਰੀ ਕਰਨ ਵਾਲਾ ਇਕਲੌਤਾ ਵਿਅਕਤੀ ਸੀ। ਉਸ ਦੇ ਦੋ ਭਰਾ ਡਰਾਈਵਰ ਹਨ ਜਦੋਂਕਿ ਇੱਕ ਭਰਾ ਘਰ ਵਿੱਚ ਖੇਤੀ ਕਰਦਾ ਹੈ। ਪਰਿਵਾਰ ਕੋਲ ਸਿਰਫ ਦੋ ਏਕੜ ਜ਼ਮੀਨ ਹੈ।

ਗੱਜਣ ਦੇ ਪਿਤਾ ਚਰਨ ਸਿੰਘ ਨੇ ਦੱਸਿਆ ਕਿ ਗੱਜਣ 10 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਸ ਨੇ 13 ਅਕਤੂਬਰ ਨੂੰ ਆਪਣੇ ਰਿਸ਼ਤੇਦਾਰੀ ਵਿੱਚ ਵਿਆਹ ਲਈ ਛੁੱਟੀ ਆਉਣਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੱਜਣ ਨੇ ਖੁਦ ਆਪਣੇ ਤੋਂ ਵੱਡੇ ਤਿੰਨ ਭਰਾਵਾਂ ਦਾ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਖੁਦ ਵਿਆਹ ਕੀਤਾ।

ਨਾਇਕ ਮਨਦੀਪ ਸਿੰਘ ਦਾ ਕੱਲ੍ਹ ਹੋਏਗਾ ਸਸਕਾਰ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਠਾ ਦੇ ਨਾਇਕ ਮਨਦੀਪ ਸਿੰਘ, ਜੋ ਜੰਮੂ ਦੇ ਸੂਰਨਕੋਟ 'ਚ ਬੀਤੇ ਕੱਲ੍ਹ ਸ਼ਹੀਦ ਹੋ ਗਏ ਸਨ, ਦਾ ਅੰਤਮ ਸੰਸਕਾਰ ਕੱਲ੍ਹ 13 ਅਕਤੂਬਰ ਨੂੰ ਹੋਵੇਗਾ। ਗੁਰਦਾਸਪੁਰ ਦੇ ਡੀਸੀ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਅੱਜ ਦੇਰ ਰਾਤ ਤਕ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪੁੱਜਣੀ ਸੀ। ਪ੍ਰਸ਼ਾਸ਼ਨ ਨੇ ਹੁਣ ਪਰਿਵਾਰ ਨੂੰ ਦੱਸਿਆ ਕਿ ਕੱਲ੍ਹ ਸਵੇਰੇ 9.30 ਵਜੇ ਸੜਕੀ ਰਸਤੇ ਮ੍ਰਿਤਕ ਦੇਹ ਪੁੱਜੇਗੀ ਤੇ ਕੱਲ੍ਹ ਹੀ ਅੰਤਮ ਸੰਸਕਾਰ ਹੋਵੇਗਾ।

50-50 ਲੱਖ ਦੀ ਐਕਸ-ਗ੍ਰੇਸ਼ੀਆ ਗਰਾਂਟ ਦਾ ਐਲਾਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ ਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ ਜੋ ਪੁਣਛ ਸੈਕਟਰ ’ਚ ਅਤਿਵਾਦੀਆਂ ਦਾ ਟਾਕਰਾ ਕਰਦਿਆਂ ਦੇਸ਼ ਸੇਵਾ ਲਈ ਜਾਨਾਂ ਨਿਛਾਵਰ ਕਰ ਗਏ ਹਨ।