ਨਵੀਂ ਦਿੱਲੀ: ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ 'ਚ 21 ਸਾਲਾ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਦਿੱਲੀ ਪੁਲਿਸ ਨਿਕਿਤਾ ਜੈਕਬ ਅਤੇ ਸ਼ਾਂਤਨੂ ਨਾਂ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ। ਇਨ੍ਹਾਂ ਦੋਵਾਂ ਵਿਰੁੱਧ ਦਿੱਲੀ ਪੁਲਿਸ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਸੂਤਰ ਦੱਸਦੇ ਹਨ ਕਿ ਨਿਕਿਤਾ ਜੈਕਬ ਮੁੰਬਈ ਦੀ ਵਸਨੀਕ ਹੈ ਅਤੇ ਪੇਸ਼ੇ ਨਾਲ ਵਕੀਲ ਹੈ। ਨਿਕਿਤਾ 'ਤੇ ਟੂਲ ਕਿੱਟ ਨੂੰ ਐਡਿਟ ਕਰਨ ਦਾ ਵੀ ਦੋਸ਼ ਹੈ। ਸਿਰਫ ਇਹ ਹੀ ਨਹੀਂ, ਨਿਕਿਤਾ ਨੂੰ ਟੂਲ ਕਿੱਟ ਤਿਆਰ ਕਰਨ ਵਾਲਿਆਂ 'ਚੋਂ ਵੀ ਇੱਕ ਦੱਸਿਆ ਗਿਆ ਹੈ, ਜਿਸ ਦਾ ਸੰਪਰਕ ਖਾਲਿਸਤਾਨੀ ਪੱਖੀ ਸੰਗਠਨ ਪੋਇਟਿਕ ਜਸਟਿਸ ਫਾਉਂਡੇਸ਼ਨ ਨਾਲ ਹੋਇਆ ਸੀ.
ਸ਼ਾਂਤਨੂ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦਾ ਵਸਨੀਕ ਹੈ। ਉਹ ਇੰਜੀਨੀਅਰਿੰਗ ਦਾ ਗ੍ਰੈਜੂਏਟ ਹੈ। ਉਸ ਦੀ ਈਮੇਲ ਦੇ ਅਧਾਰ 'ਤੇ, ਟੂਲ ਕਿੱਟ ਗੂਗਲ ਡੌਕੂਮੈਂਟ 'ਚ ਤਿਆਰ ਕੀਤੀ ਗਈ ਸੀ। ਦਿੱਲੀ ਪੁਲਿਸ ਸਾਈਬਰ ਸੈੱਲ ਦੇ ਜੁਆਇੰਟ ਕਮਿਸ਼ਨਰ ਸੀਪੀ ਪ੍ਰੇਮਨਾਥ ਦਾ ਕਹਿਣਾ ਹੈ ਕਿ ਨਿਕਿਤਾ ਦਾ ਨਾਮ ਉਸ ਵੇਲੇ ਸਾਹਮਣੇ ਆਇਆ, ਜਦੋਂ ਟੂਲ ਕਿੱਟ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਟੂਲਕਿੱਟ ਸੰਬੰਧੀ ਗੂਗਲ ਤੋਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਜਾਣਕਾਰੀ ਮੰਗੀ ਗਈ ਸੀ। ਪੁਲਿਸ ਨੂੰ ਟੂਲਕਿੱਟ ਦੇ ਕਈ ਸਕਰੀਨ ਸ਼ਾਟ ਮਿਲੇ ਹਨ। ਜਿਸ 'ਚ ਨਿਕਿਤਾ ਜੈਕਬ ਦਾ ਨਾਮ ਸਾਹਮਣੇ ਆਇਆ ਹੈ।
9 ਫਰਵਰੀ ਨੂੰ ਪੁਲਿਸ ਨੇ ਨਿਕਿਤਾ ਜੈਕਬ ਦੇ ਘਰ ਸਰਚ ਵਾਰੰਟ ਜਾਰੀ ਕੀਤਾ ਅਤੇ ਮੁੰਬਈ ਲਈ ਰਵਾਨਾ ਹੋ ਗਈ। 11 ਫਰਵਰੀ ਨੂੰ ਪੁਲਿਸ ਟੀਮ ਨੇ ਨਿਕਿਤਾ ਜੈਕਬ ਤੋਂ ਪੁੱਛਗਿੱਛ ਕੀਤੀ ਅਤੇ ਉਸ ਦੇ 2 ਲੈਪਟਾਪ ਅਤੇ 1 ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਗਈ। ਉਸ ਤੋਂ ਲਿਖਤੀ ਤੌਰ 'ਤੇ ਇਕ ਅੰਡਰਟੇਕਿੰਗ ਵੀ ਲਈ ਗਈ ਸੀ ਕਿ ਜਦੋਂ ਵੀ ਹੋਰ ਜਾਂਚ ਦੀ ਜ਼ਰੂਰਤ ਹੋਏਗੀ, ਉਹ ਸਹਿਯੋਗ ਕਰੇਗੀ।
ਇਸ ਦੌਰਾਨ ਪੁਲਿਸ ਨੂੰ ਗੂਗਲ ਤੋਂ ਕੁਝ ਅਹਿਮ ਜਵਾਬ ਵੀ ਪ੍ਰਾਪਤ ਹੋਏ ਅਤੇ ਫਿਰ 13 ਫਰਵਰੀ ਨੂੰ ਦਿਸ਼ਾ ਰਵੀ ਨੂੰ ਬੰਗਲੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਹ ਨਿਕਿਤਾ ਅਤੇ ਸ਼ਾਂਤਾਨੁ ਦੇ ਸੰਪਰਕ ਵਿੱਚ ਸੀ ਅਤੇ ਇਸ ਟੂਲਕਿੱਟ ਦੀ ਆਥਰ ਸੀ। ਪੁਲਿਸ ਦਾ ਕਹਿਣਾ ਹੈ ਕਿ ਨਿਕਿਤਾ ਪੇਸ਼ੇ ਨਾਲ ਵਕੀਲ ਹੈ।