ਕੋਲਕਾਤਾ: ਪੱਛਮੀ ਬੰਗਾਲ ਦੇ ਨੰਦੀਗ੍ਰਾਮ ਤੋਂ ਚੋਣ ਹਾਰਨ ਮਗਰੋਂ ਮਮਤਾ ਬੈਨਰਜੀ ਨੇ ਬੀਜੇਪੀ ਉੱਪਰ ਵੱਡੇ ਇਲਜ਼ਾਮ ਲਾਏ ਹਨ। ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਨੰਦੀਗ੍ਰਾਮ ਦੇ ਰਿਟਰਨਿੰਗ ਅਫ਼ਸਰ ਨੂੰ ਆਪਣੀ ਜਾਨ ਦਾ ਖ਼ਤਰਾ ਹੋਣ ਕਰਕੇ ਉਸ ਨੇ ਦੁਬਾਰਾ ਗਿਣਤੀ ਦੇ ਹੁਕਮ ਨਹੀਂ ਦਿੱਤੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਰ ਪਿੱਛੇ ਬਹੁਤ ਸਾਰੇ ਰਾਜ਼ ਛੁਪੇ ਹੋਏ ਹਨ। ਉਨ੍ਹਾਂ ਨੂੰ ਹਰਾਉਣ ਲਈ ਵੱਡੇ ਪੱਧਰ 'ਤੇ ਧੋਖਾਧੜੀ ਕੀਤੀ ਗਈ ਹੈ।

 

ਮਮਤਾ ਨੇ ਕਿਹਾ ਕਿ ਕਿਸੇ ਨੇ ਮੈਨੂੰ ਮੈਸੇਜ ਭੇਜਿਆ ਸੀ। ਮੈਸੇਜ ਭੇਜਣ ਵਾਲੇ ਨੂੰ ਦੱਸਿਆ ਗਿਆ ਹੈ ਕਿ ਨੰਦੀਗਰਾਮ ਦਾ ਰਿਟਰਨਿੰਗ ਅਧਿਕਾਰੀ ਗਿਣਤੀ ਦੇ ਸਮੇਂ ਡਰ ਗਿਆ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਅਸੀਂ ਦੁਬਾਰਾ ਕਾਉਂਟਿੰਗ ਕਰਵਾਉਂਦੇ ਹਾਂ, ਤਾਂ ਸਾਨੂੰ ਜਾਨ ਦਾ ਖ਼ਤਰਾ ਹੋ ਸਕਦੇ ਹੈ। ਨੰਦੀਗਰਾਮ 'ਚ ਵੋਟਾਂ ਦੀ ਗਿਣਤੀ ‘ਤੇ ਸ਼ੱਕ ਜ਼ਾਹਰ ਕਰਦਿਆਂ ਮਮਤਾ ਨੇ ਕਿਹਾ ਕਿ ਇੱਥੇ 4 ਘੰਟੇ ਸਰਵਰ ਡਾਊਨ ਰਿਹਾ। ਇਸ ਦੌਰਾਨ ਰਾਜਪਾਲ ਨੇ ਵੀ ਸਾਨੂੰ ਜਿੱਤ ਦੀ ਵਧਾਈ ਦਿੱਤੀ ਸੀ, ਪਰ ਅਚਾਨਕ ਸਭ ਕੁਝ ਬਦਲ ਗਿਆ।

 

ਉਨ੍ਹਾਂ ਦੁਹਰਾਇਆ ਹੈ ਕਿ ਉਹ ਨੰਦੀਗ੍ਰਾਮ ਦੇ ਚੋਣ ਨਤੀਜੇ ਖ਼ਿਲਾਫ਼ ਅਦਾਲਤ ਦਾ ਰੁਖ ਕਰੇਗੀ ਜਿੱਥੋਂ ਭਾਜਪਾ ਦੇ ਸ਼ੁਵੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਹਰਾਇਆ ਹੈ। ਉਨ੍ਹਾਂ ਨੰਦੀਗ੍ਰਾਮ ਦੇ ਰਿਟਰਨਿੰਗ ਅਫ਼ਸਰ ਵੱਲੋਂ ਇਕ ਚੋਣ ਅਧਿਕਾਰੀ ਨੂੰ ਭੇਜਿਆ ਐਸਐਮਐਸ ਜਨਤਕ ਕੀਤਾ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਅਧਿਕਾਰੀ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਜੇਕਰ ਉਸ ਨੇ ਦੁਬਾਰਾ ਗਿਣਤੀ ਦੇ ਹੁਕਮ ਦਿੱਤੇ ਤਾਂ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ ਤੇ ਉਸ ਨੂੰ ਖੁਦਕੁਸ਼ੀ ਤੱਕ ਕਰਨੀ ਪੈ ਸਕਦੀ ਹੈ।

 

ਮਮਤਾ ਨੇ ਕਿਹਾ,‘‘ਸਰਵਰ ਚਾਰ ਘੰਟਿਆਂ ਤੱਕ ਡਾਊਨ ਕਿਉਂ ਰਿਹਾ? ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ ਪਰ ਇਕ ਹਲਕੇ ਦੇ ਨਤੀਜੇ ’ਚ ਖਾਮੀਆਂ ਹਨ। ਜੋ ਦਿਖਾਈ ਦੇ ਰਿਹਾ ਹੈ, ਉਸ ਤੋਂ ਅਗਾਂਹ ਦੀ ਗੱਲ ਹੋ ਸਕਦੀ ਹੈ। ਸਾਨੂੰ ਸੱਚਾਈ ਪਤਾ ਲਗਾਉਣੀ ਪਵੇਗੀ।’’

 

ਮਮਤਾ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਸ਼ਾਂਤੀ ਬਣਾਈ ਰੱਖਣ ਤੇ ਹਿੰਸਾ ਦੀ ਸਥਿਤੀ ਪੈਦਾ ਨਾ ਹੋਣ ਦੇਣ। ਮੈਂ ਜਾਣਦੀ ਹਾਂ ਕਿ ਭਾਜਪਾ ਤੇ ਕੇਂਦਰੀ ਬਲਾਂ ਨੇ ਸਾਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ, ਪਰ ਸਾਨੂੰ ਸ਼ਾਂਤੀ ਬਣਾਈ ਰੱਖਣੀ ਹੈ। ਹੁਣ ਸਾਨੂੰ ਆਪਣਾ ਸਾਰਾ ਧਿਆਨ ਕੋਰੋਨਾ ਮਹਾਂਮਾਰੀ ਨਾਲ ਲੜਨ 'ਤੇ ਕੇਂਦ੍ਰਤ ਕਰਨਾ ਹੈ।