ਬਟਾਲਾ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੰਜਾਬ ਸਰਕਾਰ ਵਲੋਂ 4 ਸਾਲ ਦਾ ਸਮਾਂ ਬੀਤਣ ਦੇ ਬਾਅਦ ਵੀ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਦੇ ਚਲਦਿਆਂ ਤ੍ਰਿਪਤ ਰਜਿੰਦਰ ਬਾਜਵਾ ਦਾ ਘਿਰਾਓ ਕੀਤਾ ਗਿਆ। ਤ੍ਰਿਪਤ ਰਜਿੰਦਰ ਬਾਜਵਾ ਨੂੰ ਬਟਾਲਾ 'ਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਨਾਅਰੇਬਾਜੀ ਕੀਤੀ ਗਈ।

 

ਇਸ ਮੌਕੇ ਰੋਸ ਜਤਾ ਰਹੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ’ਚ ਬਤੌਰ ਇਨਲਿਸਟਮੈਂਟ, ਕੰਪਨੀਆਂ, ਸੁਸਾਇਟੀਆਂ, ਵੱਖ ਵੱਖ ਠੇਕੇਦਾਰਾਂ ਆਦਿ ਰਾਹੀ ਪੇਂਡੂ ਜਲ ਸਪਲਾਈ ਸਕੀਮਾਂ ਅਤੇ ਦਫਤਰਾਂ ’ਚ ਵੱਖ ਵੱਖ ਪੋਸਟਾਂ ’ਤੇ ਸੇਵਾਵਾਂ ਦੇ ਰਹੇ 3500 ਦੇ ਕਰੀਬ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਪੰਜਾਬ ਸਰਕਾਰ ਵਲੋਂ ਮਾਰੂ ਫੈਸਲੇ ਲਏ ਜਾ ਰਹੇ ਹਨ। ਜਿਸ ਤਹਿਤ ਹੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਦੇ ਰਹੇ ਪਬਲਿਕ ਅਦਾਰੇ ਜਲ ਸਪਲਾਈ ਮਹਿਕਮੇ ਨੂੰ ਖਤਮ ਕਰਨ ਲਈ ਪੰਚਾਇਤੀਕਰਨ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। 

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਨਾਲ ਨਾਲ ਠੇਕਾ ਮੁਲਾਜ਼ਮਾਂ ਨੂੰ ਵੀ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਪਰ 4 ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਸੂਬਾ ਸਰਕਾਰ ਨੇ ਕਿਸੇ ਵੀ ਵਿਭਾਗ ਦੇ ਠੇਕਾ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਹੈ। ਉਥੇ ਹੀ ਕੇਂਦਰ ਸਰਕਾਰ ਦੀ ਤਰਜ 'ਤੇ ਪੰਜਾਬ ਸਰਕਾਰ ਵੀ ਕੋਵਿਡ-19 ਦੀ ਆੜ 'ਚ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਫੈਸਲੇ ਲੈ ਕੇ ਹਰ ਵਰਗ ਦੇ ਲੋਕਾਂ 'ਤੇ ਕਹਿਰ ਢਾਹ ਰਹੀ ਹੈ।

 

ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਦ ਤੱਕ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੀ ਉਨ੍ਹਾਂ ਵਲੋਂ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ। ਪੰਜਾਬ ਦੇ ਮੰਤਰੀਆਂ ਦਾ ਕਾਲੇ ਝੰਡੇ ਦਿਖਾ ਵਿਰੋਧ ਕੀਤਾ ਜਾਵੇਗਾ ਅਤੇ ਹੋਰ ਵੀ ਜੋ ਸੂਬਾ ਕਮੇਟੀ ਸੰਘਰਸ਼ ਲਈ ਪ੍ਰੋਗਰਾਮ ਦੇਵੇਗੀ ਉਸ ਅਨੁਸਾਰ ਆਪਣੀ ਅਵਾਜ ਬੁਲੰਦ ਕੀਤੀ ਜਾਵੇਗੀ।