ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਦਾਜ਼ਾ ਲਾਇਆ ਹੈ ਕਿ ਕੋਰੋਨਾਵਾਇਰਸ ਦੀ ਲਾਗ ਕਾਰਨ ਇਕੱਲੇ ਅਮਰੀਕਾ ‘ਚ ਮਰਨ ਵਾਲਿਆਂ ਦੀ ਗਿਣਤੀ 70,000 ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਮੁੱਢਲੇ  ਤੌਰ ‘ਤੇ ਪ੍ਰਗਟ ਕੀਤੇ ਅਨੁਮਾਨਾਂ ‘ਚ ਬਹੁਤ ਜ਼ਿਆਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਵੋਟਰਾਂ ਨੂੰ ਉਨ੍ਹਾਂ ਦੀ ਚੋਣ ਕਿਉਂ ਕਰਨੀ ਚਾਹੀਦੀ ਹੈ।


ਟਰੰਪ ਨੇ ਇਸ ਮਹੀਨੇ ਕਈ ਵਾਰ ਅਨੁਮਾਨ ਲਾਇਆ ਹੈ ਕਿ ਕੋਵਿਡ-19 ਤੋਂ ਅਮਰੀਕਾ ‘ਚ 60,000 ਦੇ ਕਰੀਬ ਲੋਕ ਮਾਰੇ ਜਾ ਸਕਦੇ ਹਨ। ਟਰੰਪ ਨੂੰ ਸੋਮਵਾਰ ਨੂੰ ਵ੍ਹਾਈਟ ਹਾਊਸ ਦੀ ਪ੍ਰੈੱਸ ਕਾਨਫਰੰਸ ਦੌਰਾਨ ਪੁੱਛਿਆ ਗਿਆ ਸੀ ਕਿ ਕੀ ਵੀਅਤਨਾਮ ਯੁੱਧ ਦੀ ਤੁਲਨਾ 'ਚ ਛੇ ਹਫ਼ਤਿਆਂ ‘ਚ ਵਧੇਰੇ ਅਮਰੀਕੀਆਂ ਦੀ ਮੌਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੁਬਾਰਾ ਚੁਣੇ ਜਾਣ ਦੇ ਹੱਕਦਾਰ ਹਨ? ਵੀਅਤਨਾਮ ਦੀ ਜੰਗ ‘ਚ ਤਕਰੀਬਨ 58,000 ਅਮਰੀਕੀ ਸੈਨਿਕ ਮਾਰੇ ਗਏ ਸਨ।


ਉਨ੍ਹਾਂ ਕਿਹਾ, “ਪਰ ਜੇ ਤੁਸੀਂ ਸ਼ੁਰੂਆਤੀ ਅਨੁਮਾਨ 'ਤੇ ਨਜ਼ਰ ਮਾਰੋ ਜੋ 22 ਲੱਖ ਸੀ, ਅਸੀਂ ਸ਼ਾਇਦ ਇਸ ਨੂੰ ਘਟਾ ਕੇ 60,000 ਤੋਂ 70,000 ਕਰ ਦਿੱਤਾ ਹੈ। ਇੱਕ ਵਿਅਕਤੀ ਲਈ ਇੰਨਾ ਕਰ ਪਾਉਣਾ ਬਹੁਤ ਹੁੰਦਾ ਹੈ। ਮੇਰੀ ਰਾਏ ‘ਚ ਮੈਂ ਸੱਚਮੁੱਚ ਬਹੁਤ ਚੰਗੇ ਫੈਸਲੇ ਲਏ ਹਨ। ਸਰਹੱਦ ਨੂੰ ਬੰਦ ਕਰਨਾ ਜਾਂ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਾਉਣਾ ਇਕ ਵੱਡਾ ਫੈਸਲਾ ਸੀ।”