ਨਾਂ: ਪ੍ਰੋ. ਸਾਧੂ ਸਿੰਘ

ਪਾਰਟੀ: ਆਮ ਆਦਮੀ ਪਾਰਟੀ

ਪਾਰਲੀਮਾਨੀ ਸਟੇਟਸ: 16ਵੀਂ ਲੋਕ ਸਭਾ ਦੇ ਮੈਂਬਰ

ਸਿਆਸੀ ਪਿਛੋਕੜ:

ਪੇਸ਼ੇ ਵਜੋਂ ਸਾਬਕਾ ਪ੍ਰੋਫੈਸਰ ਸਾਧੂ ਸਿੰਘ ਨੇ ਸਾਲ 2014 ਵਿੱਚ ਪਹਿਲੀ ਵਾਰ ਆਮ ਚੋਣਾਂ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ। ਇਸ ਵਾਰ ਵੀ ਉਹ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ 'ਆਪ' ਦੇ ਉਮੀਦਵਾਰ ਹਨ। ਸਾਧੂ ਸਿੰਘ ਨੇ ਅਕਾਲੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ 1.72 ਲੱਖ ਵੋਟਾਂ ਨਾਲ ਕਰਾਰੀ ਮਾਤ ਦਿੱਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਸਿਆਸਤ ਵਿੱਚ ਕੋਈ ਖ਼ਾਸ ਸਰਗਰਮੀ ਨਹੀਂ ਦਿਖਾਈ।

ਨਿੱਜੀ ਜਾਣਕਾਰੀ:

ਪ੍ਰੋ. ਸਾਧੂ ਸਿੰਘ ਦਾ ਜਨਮ ਦੇਸ਼ ਵੰਡ ਤੋਂ ਪਹਿਲਾਂ ਸੰਨ 1941 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂੰਕੇ ਗਿੱਲ ਵਿੱਚ ਹੋਇਆ। ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਦੀ ਐਮਏ ਤੇ ਬੁੱਧੀਮਾਨ (ਪੰਜਾਬੀ ਯੋਗਤਾ ਸਰਟੀਫਿਕੇਟ) ਕੀਤੀ ਹੋਈ ਹੈ। ਸੰਨ 1961 ਵਿੱਚ ਚੰਡੀਗੜ੍ਹ ਦੇ ਸਿੰਜਾਈ ਵਿਭਾਗ ਵਿੱਚ ਹੀ ਡਰਾਫਟਸਮੈਨ ਦੀ ਨੌਕਰੀ ਲੈ ਲਈ। ਸੰਨ 1971 ਵਿੱਚ ਉਹ ਪੰਜਾਬ ਵਿੱਚ ਕਾਲਜ ਲੈਕਚਰਾਰ ਬਣ ਗਏ ਤੇ ਉਨ੍ਹਾਂ ਫ਼ਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਸੰਨ 1999 ਵਿੱਚ ਉਹ ਸੇਵਾਮੁਕਤ ਹੋ ਗਏ ਤੇ ਫਿਰ ਨਿੱਜੀ ਕਾਲਜ 'ਚ ਪ੍ਰਿੰਸੀਪਲ ਵੀ ਰਹੇ। ਉਨ੍ਹਾਂ ਪੰਜਾਬੀ 'ਚ ਕਵਿਤਾਵਾਂ ਦੀਆਂ ਦੋ ਕਿਤਾਬਾਂ, 'ਪਿਆਸੀ ਮਹਿਕ' ਅਤੇ 'ਸਲੀਬ ਤੇ ਸਰਗਮ' ਵੀ ਲਿਖੀਆਂ ਹੋਈਆਂ ਹਨ।

ਹਲਕਾ:

ਸਾਲ 2014 ਵਿੱਚ ਪ੍ਰੋ. ਸਾਧੂ ਸਿੰਘ ਨੂੰ 'ਆਪ' ਨੇ ਫ਼ਰੀਦਕੋਟ ਤੋਂ ਆਪਣਾ ਲੋਕ ਸਭਾ ਉਮੀਦਵਾਰ ਚੁਣਿਆ ਸੀ ਤੇ ਉਹ ਵੱਡੇ ਫਰਕ ਨਾਲ ਇੱਥੋਂ ਸੰਸਦ ਮੈਂਬਰ ਚੁਣੇ ਗਏ ਸਨ। ਫ਼ਰੀਦਕੋਟ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ, ਜੈਤੋ ਤੇ ਰਾਮਪੁਰਾ ਫੂਲ ਸ਼ਾਮਲ ਹਨ। ਸਾਲ 2014 ਵਿੱਚ ਸਾਧੂ ਸਿੰਘ ਨੂੰ 4,50,751 ਵੋਟਾਂ ਪਈਆਂ ਸਨ ਅਤੇ ਉਨ੍ਹਾਂ ਅਕਾਲੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ 1,72,516 ਵੋਟਾਂ ਨਾਲ ਹਰਾਇਆ ਸੀ। ਰਾਖਵੇਂ ਹਲਕੇ ਫ਼ਰੀਦਕੋਟ ਤੋਂ ਇਸ ਵਾਰ ਚੁਣੌਤੀ ਵੱਡੀ ਹੈ, ਸਭ ਤੋਂ ਪਹਿਲੀ ਗੱਲ ਆਮ ਆਦਮੀ ਪਾਰਟੀ ਦੀ ਪਿਛਲੀ ਵਾਰ ਵਾਲੀ 'ਗੱਲ' ਨਾ ਹੋਣਾ। ਇਸ ਤੋਂ ਇਲਾਵਾ ਪ੍ਰੋ. ਸਾਧੂ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਲਜ਼ਾਰ ਸਿੰਘ ਰਣੀਕੇ, ਕਾਂਗਰਸ ਵੱਲੋਂ ਮਸ਼ਹੂਰ ਗਾਇਕ ਮੁਹੰਮਦ ਸਦੀਕ, ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਤੋਂ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਟੱਕਰ ਦੇਣਗੇ। ਹਲਕੇ ਦੇ ਤਕਰੀਬਨ 16 ਲੱਖ ਵੋਟਰਾਂ ਨੇ ਆਉਂਦੀ 19 ਮਈ ਨੂੰ ਪ੍ਰੋ. ਸਾਧੂ ਸਿੰਘ ਸਮੇਤ ਹੋਰਨਾਂ ਦੀ ਕਿਸਮਤ ਤੈਅ ਕਰਨੀ ਹੈ।

ਸੰਸਦੀ ਕਾਰਗੁਜ਼ਾਰੀ:

ਲੋਕ ਸਭਾ ਵੈੱਬਸਾਈਟ ਮੁਤਾਬਕ 5 ਸਾਲਾ ‘ਚ ਪ੍ਰੋ. ਸਾਧੂ ਸਿੰਘ ਦੀ ਸਦਨ ਵਿੱਚ ਹਾਜ਼ਰੀ 52% ਰਹੀ। ਹਾਲਾਂਕਿ, ਉਹ ਆਪਣੀ ਚੰਗੀ ਹਾਜ਼ਰੀ ਦਾ ਦਾਅਵਾ ਕਰਦੇ ਹਨ। ਸਾਲ 2014 ਵਿੱਚ ਸੰਸਦ ਮੈਂਬਰ ਬਣਨ ਮਗਰੋਂ ਉਨ੍ਹਾਂ ਕੁੱਲ 58 ਸਵਾਲ ਪੁੱਛੇ। ਸਾਧੂ ਸਿੰਘ ਨੇ ਪਾਰਲੀਮੈਂਟ ਵਿੱਚ ਬੈਠਣ ਨਾਲੋਂ ਹਲਕੇ ਵਿੱਚ ਵਿਚਰਨ ਨੂੰ ਤਰਜੀਹ ਦਿੱਤੀ। ਉਹ ਸਮਾਜਕ ਨਿਆਂ ਤੇ ਸਸ਼ਕਤੀਕਰਨ ਕਮੇਟੀ ਦੇ ਮੈਂਬਰ ਵੀ ਹਨ।

MPLAD ਫੰਡ:

ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਰਨ ਲਈ ਸਾਲਾਨਾ ਪੰਜ ਕਰੋੜ (ਪੂਰੇ ਕਾਰਜਕਾਲ 'ਚ 25 ਕਰੋੜ) ਰੁਪਏ ਮਿਲਦੇ ਹਨ। ਪ੍ਰੋ. ਸਾਧੂ ਸਿੰਘ ਨੇ 22.60 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਖਾਤੇ ਵਿੱਚ 23.30 ਕਰੋੜ ਰੁਪਏ ਆਏ। ਸਾਧੂ ਸਿੰਘ ਨੇ ਇਸ ਵਿੱਚੋਂ 20.98 ਕਰੋੜ ਰੁਪਏ ਆਪਣੇ ਹਲਕੇ ਦੇ ਵਿਕਾਸ 'ਤੇ ਖਰਚੇ ਹਨ, ਜਦਕਿ 2.32 ਕਰੋੜ ਰੁਪਏ ਬਕਾਇਆ ਹਨ। ਉਨ੍ਹਾਂ ਆਪਣੇ ਫੰਡਾਂ ਦਾ 91.26% ਹਿੱਸਾ ਖਰਚ ਦਿੱਤਾ ਹੈ, ਸੋ ਇਸ ਕਸੌਟੀ 'ਤੇ ਉਹ ਪਾਸ ਹਨ। ਸਾਧੂ ਸਿੰਘ ਦੇ ਹਲਕੇ ਦੇ ਲੋਕ ਮੰਨਦੇ ਹਨ ਕਿ ਉਨ੍ਹਾਂ ਪਿੰਡਾਂ ਵਿੱਚ ਕੰਮ ਕਰਵਾਏ ਹਨ, ਜਿਨ੍ਹਾਂ ਵਿੱਚੋਂ ਹੇਠਾਂ ਦਿਖਾਇਆ ਸਟੇਡੀਅਮ ਇੱਕ ਹੈ-

ਕਿਉਂ ਮਹੱਤਵਪੂਰਨ ਫ਼ਰੀਦਕੋਟ ਹਲਕਾ ਤੇ ਕੀ ਚੁਣੌਤੀਆਂ:

ਕਿਸੇ ਸਮੇਂ ਰਿਆਸਤ ਰਹਿ ਚੁੱਕਿਆ ਫ਼ਰੀਦਕੋਟ ਹੁਣ ਪੰਜਾਬ ਦਾ ਪ੍ਰਮੁੱਖ ਲੋਕ ਸਭਾ ਹਲਕਾ ਹੈ। ਸੰਨ 1977 ਵਿੱਚ ਫ਼ਰੀਦਕੋਟ ਲੋਕ ਸਭਾ ਹਲਕਾ ਹੋਂਦ ਵਿੱਚ ਆਇਆ ਅਤੇ ਸਾਲ 2009 ਤੋਂ ਹਲਕੇ ਨੂੰ ਦਲਿਤਾਂ ਲਈ ਰਾਖਵਾਂ ਕਰ ਦਿੱਤਾ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਬਣਨ ਵਾਲੇ ਸਾਲ ਇੱਥੋਂ ਚੋਣ ਲੜੀ ਤੇ ਜੇਤੂ ਰਹੇ। ਫਿਰ ਸੰਨ 1996 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੁਖਬੀਰ ਇੱਥੋਂ ਚਾਰ ਵਾਲ ਚੋਣ ਲੜ ਚੁੱਕੇ ਹਨ ਜਿਸ ਵਿੱਚੋਂ ਇੱਕ ਵਾਰ ਨਾਕਾਮਯਾਬ ਰਹੇ। ਕਾਂਗਰਸ ਦੇ ਦਿੱਗਜ ਨੇਤਾ ਜਗਮੀਤ ਸਿੰਘ ਬਰਾੜ ਵੀ ਇੱਥੋਂ ਚੋਣ ਲੜਦੇ ਰਹੇ ਹਨ।

ਮਾਲਵੇ ਦਾ ਇਹ ਇਲਾਕਾ ਕਪਾਹ ਪੱਟੀ ਦਾ ਵੀ ਹਿੱਸਾ ਹੈ, ਪਰ ਕਿਸਾਨ ਕਣਕ, ਝੋਨੇ ਤੇ ਕਮਾਦ ਦੀ ਕਾਸ਼ਤ ਵੀ ਕਰਦੇ ਹਨ। ਜ਼ਿਆਦਾਤਰ ਲੋਕ ਖੇਤੀਬਾੜੀ 'ਤੇ ਨਿਰਭਰ ਕਰਦੇ ਹਨ ਅਤੇ ਇਲਾਕੇ ਵਿੱਚ ਵੱਡੀ ਸਨਅਤ ਨਹੀਂ ਹੈ। ਸਤਲੁਜ ਦਰਿਆ ਦੇ ਹਲਕੇ ਵਿੱਚੋਂ ਗੁਜ਼ਰਦੇ ਹੋਣ ਕਰਕੇ ਇੱਥੇ ਮਾਇਨਿੰਗ ਕਾਰੋਬਾਰ ਵੱਡੇ ਪੱਧਰ 'ਤੇ ਹੁੰਦਾ ਹੈ ਅਤੇ ਨਾਜ਼ਾਇਜ਼ ਮਾਇਨਿੰਗ ਦਾ ਖ਼ਦਸ਼ਾ ਵੀ ਕਾਫੀ ਰਹਿੰਦਾ ਹੈ। ਪ੍ਰੋ. ਸਾਧੂ ਸਿੰਘ ਲਈ ਫ਼ਰੀਦਕੋਟ ਹਲਕਾ ਖਾਸਾ ਮਹੱਤਵਪੂਰਨ ਹੈ। 'ਆਪ' ਦੇ ਚਾਰ ਸੰਸਦ ਮੈਂਬਰਾਂ ਵਿੱਚੋਂ ਉਹ ਦੋ ਹੀ ਇਸ ਸਮੇਂ ਪਾਰਟੀ ਦੇ ਨਾਲ ਹਨ ਬਾਕੀ ਦੋ ਪਾਰਟੀ ਦਾ ਸਾਥ ਛੱਡ ਚੁੱਕੇ ਹਨ। ਅਜਿਹੇ ਵਿੱਚ ਫ਼ਰੀਦਕੋਟ ਹਲਕਾ ਉਨ੍ਹਾਂ ਲਈ ਵੱਕਾਰ ਦਾ ਸਵਾਲ ਹੈ। ਸਾਧੂ ਸਿੰਘ ਸਾਹਮਣੇ ਇਸ ਵਾਰ ਕਾਂਗਰਸ ਦੇ ਅਜ਼ਮਾਏ ਹੋਏ ਸਥਾਪਤ ਸਿਆਸਤਦਾਨ ਮੁਹੰਮਦ ਸਦੀਕ ਹਨ। ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਦਾ ਪਿਛੋਕੜ ਅੰਮ੍ਰਿਤਸਰ ਦੇ ਸਰਹੱਦੀ ਹਲਕੇ ਅਟਾਰੀ ਦਾ ਹੈ ਪਰ ਬਾਦਲ ਸਰਕਾਰ ਵਿੱਚ ਮੰਤਰੀ ਰਹੇ ਹੋਣ ਕਰਕੇ ਉਨ੍ਹਾਂ ਦੀ ਚੰਗੀ ਪਛਾਣ ਹੈ। ਉਹ ਲੋਕ ਸਭਾ ਚੋਣਾਂ ਵਿੱਚ ਉਹ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ। ਉੱਧਰ, ਪੀਡੀਏ ਵੱਲੋਂ ਲੋਕ ਸਭਾ ਉਮੀਦਵਾਰ ਤੇ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦਾ ਆਪਣੇ ਹਲਕੇ 'ਚ ਚੰਗਾ ਆਧਾਰ ਹੈ। ਅਜਿਹੇ ਵਿੱਚ ਫ਼ਰੀਦਕੋਟ ਹਲਕਾ ਸਭਨਾਂ ਲਈ ਮੁਕਾਬਲਾ ਬੇਹੱਦ ਔਖਾ ਜਾਪਦਾ ਹੈ। ਹੁਣ ਫ਼ਰੀਦਕੋਟੀਏ 19 ਮਈ ਨੂੰ ਕਿਸ ਦੇ ਹੱਕ ਵਿੱਚ ਫ਼ਤਵਾ ਦੇਣਗੇ ਇਸ ਦਾ ਐਲਾਨ ਆਉਂਦੀ 23 ਮਈ ਨੂੰ ਹੋ ਜਾਵੇਗਾ ਤੇ ਤੁਸੀਂ ਵੀ ਜਾਣ ਸਕੋਂਗੇ ਕਿ ਤੁਹਾਡਾ ਐਮਪੀ ਕੌਣ ਬਣੇਗਾ।