ਕਾਂਗਰਸ ਵੱਲੋਂ ਪੰਜਾਬ-ਹਰਿਆਣਾ 'ਚ 'ਆਪ' ਨਾਲ ਗਠਜੋੜ ਤੋਂ ਇਨਕਾਰ
ਏਬੀਪੀ ਸਾਂਝਾ | 07 Apr 2019 05:42 PM (IST)
ਕਾਂਗਰਸ ਨੇ ਹਰਿਆਣਾ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਸਿਰਫ ਦਿੱਲੀ ਤਕ ਹੀ ਸੀਮਤ ਹਨ।
ਚੰਡੀਗੜ੍ਹ: ਕਾਂਗਰਸ ਨੇ ਐਤਵਾਰ ਨੂੰ ਹਰਿਆਣਾ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਅਜਿਹੀਆਂ ਗੱਲਾਂ ਸਿਰਫ ਦਿੱਲੀ ਤਕ ਹੀ ਸੀਮਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਗਠਜੋੜ ਨੂੰ ਪੰਜਾਬ ਤੇ ਹਰਿਆਣਾ ਤਕ ਵਧਾਉਣ ਦੀ ਮੰਗ ਕਰ ਰਹੀ ਹੈ। ਹਰਿਆਣਾ ਵਿੱਚ ਲੋਕ ਸਭਾ ਚੋਣਾਂ ਤੋਂ ਮਹੀਨਾ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਦੀ ਮੁੱਖ ਵਿਰੋਧ ਧਿਰ ਹੈ। ਉੱਧਰ ਦਿੱਲੀ ਵਿੱਚ ਗਠਜੋੜ ਲਈ ਵੀ ਅਰਵਿੰਦ ਕੇਜਰੀਵਾਲ ਨੇ ਸ਼ਰਤ ਰੱਖ ਦਿੱਤੀ ਹੈ ਕਿ ਕਾਂਗਰਸ ਨਾਲ ਗਠਜੋੜ ਤਾਂ ਹੀ ਸੰਭਵ ਹੈ ਜਦੋਂ ਹਰਿਆਣਾ ਦੀਆਂ ਦਸ, ਦਿੱਲੀ ਦੀਆਂ ਸੱਤ ਤੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਦੋਵੇਂ ਦਲ ਮਿਲ ਕੇ ਚੋਣਾਂ ਲੜਨਗੇ। ਇਸ ਦੇ ਇਲਾਵਾ ਜੇ ਕਾਂਗਰਸ ਨਾਲ ਹੱਥ ਮਿਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਦਿੱਲੀ ਨੂੰ ਪੂਰਨ ਰਾਜ ਦੇਣ ਦੀ ਮੰਗ ਦਾ ਸਮਰਥਨ ਕਰਨਾ ਪਏਗਾ।