ਫੇਸਬੁੱਕ ਐਡ ਲਾਇਬ੍ਰੇਰੀ ਰਿਪੋਰਟ ਮੁਤਾਬਕ ਇਸ ਸਾਲ ਫਰਵਰੀ ਤੇ 30 ਮਾਰਚ ਵਿਚਾਲੇ 51,810 ਸਿਆਸੀ ਇਸ਼ਤਿਹਾਰਾਂ 'ਤੇ 10.32 ਕਰੋੜ ਰੁਪਏ ਤੋਂ ਵੱਧ ਰੁਪਏ ਖ਼ਰਚ ਕੀਤੇ ਗਏ ਹਨ। ਇਨ੍ਹਾਂ ਵਿੱਚ ਬੀਜੇਪੀ ਤੇ ਉਸ ਦੇ ਸਮਰਥਕ ਵੱਡਾ ਹਿੱਸਾ ਖ਼ਰਚ ਕਰ ਰਹੇ ਹਨ। ਇਸ ਸਬੰਧੀ ਫੇਸਬੁੱਕ ਨੇ ਕਿਹਾ ਕਿ ਇਹ ਇਸ਼ਤਿਹਾਰ ਸਿਆਸੀ ਤੇ ਕੌਮੀ ਮਹੱਤਵ ਦੇ ਮੁੱਦਿਆਂ ਨਾਲ ਸਬੰਧਤ ਸਨ।
ਬੀਜੇਪੀ ਤੇ ਉਸ ਦੇ ਸਮਰਥਕਾਂ ਨੇ 'ਭਾਰਤ ਕੇ ਮਨ ਕੀ ਬਾਤ' ਪੇਜ ਨਾਲ ਇਸ਼ਤਿਹਾਰਾਂ ਦੇ ਵੱਡੇ ਹਿੱਸੇ 'ਤੇ ਕਬਜ਼ਾ ਰੱਖਿਆ ਹੈ। ਇਕੱਲੇ ਬੀਜੇਪੀ ਨੇ ਕਰੀਬ 1,100 ਇਸ਼ਤਿਹਾਰ ਦਿੱਤੇ ਤੇ ਉਨ੍ਹਾਂ ਉੱਤੇ 36.2 ਲੱਖ ਰੁਪਏ ਖ਼ਰਚ ਕੀਤੇ। 'ਮਾਈ ਫਰਸਟ ਵੋਟ ਫਾਰ ਮੋਦੀ' ਤੇ 'ਨੇਸ਼ਨ ਵਿਦ ਨਮੋ' ਵਰਗੇ ਪੇਜਾਂ 'ਤੇ ਵੀ ਭਾਰੀ ਪੈਸਾ ਖਰਚ ਕੀਤਾ ਗਿਆ।
ਇਸ ਤੋਂ ਪਹਿਲਾਂ 'ਭਾਰਤੀ ਪਾਰਦਰਸ਼ਤਾ ਰਿਪੋਰਟ' ਮੁਤਾਬਕ ਸਰਚ ਇੰਜਣ ਗੂਗਲ 'ਤੇ ਇਸ਼ਤਿਹਾਰਾਂ ਉੱਤੇ ਖਰਚ ਕਰਨ ਦੇ ਮਾਮਲੇ ਵਿੱਚ ਬੀਜੇਪੀ ਨੇ ਸਾਰੀਆਂ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਇਸ਼ਤਿਹਾਰਾਂ 'ਤੇ ਖ਼ਰਚ ਦੇ ਮਾਮਲੇ ਵਿੱਚ ਕਾਂਗਰਸ 6ਵੇਂ ਨੰਬਰ 'ਤੇ ਹੈ।
ਇਸ ਦੇ ਇਲਾਵਾ ਨੈਸ਼ਨਲ ਕਾਂਗਰਸ ਨੇ 410 ਇਸ਼ਤਿਹਾਰ ਦਿੱਤੇ ਤੇ ਫਰਵਰੀ ਤੋਂ ਮਾਰਚ ਤਕ ਇਨ੍ਹਾਂ 'ਤੇ 5.91 ਲੱਖ ਰੁਪਏ ਖਰਚ ਕੀਤੇ। ਬੀਜੂ ਜਨਤਾ ਦਲ (ਬੀਜੇਡੀ) ਨੇ ਇਸ਼ਤਿਹਾਰਾਂ ਉੱਤੇ 8.56 ਲੱਖ, ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੇ 1.58 ਲੱਖ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇ ਇਸ ਸਮੇਂ ਦੌਰਾਨ 58,355 ਰੁਪਏ ਖ਼ਰਚ ਕੀਤੇ।