ਅੰਮ੍ਰਿਤਸਰ: ਜਲ੍ਹਿਆਂਵਾਲਾ ਬਾਗ ਦੀ ਘਟਨਾ ਬਾਰੇ ਹਾਲੇ ਤਕ ਸਰਕਾਰ ਤੇ ਪ੍ਰਸ਼ਾਸਨ ਇਹ ਨਹੀਂ ਜਾਣ ਸਕਿਆ ਕਿ 13 ਅਪਰੈਲ, 1919 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਸੀ। ਇਸੇ ਕਰਕੇ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਵੀ ਨਹੀਂ ਮਿਲੀ। ਹਰ ਸਾਲ 13 ਅਪਰੈਲ ਨੂੰ ਸਰਕਾਰੀ ਅਧਿਕਾਰੀ ਤੇ ਲੀਡਰ ਜਲ੍ਹਿਆਂਵਾਲਾ ਬਾਗ ਵਿੱਚ ਮੌਨ ਖੜ੍ਹੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਤਾਂ ਦਿੰਦੇ ਹਨ ਪਰ ਨਾ ਤਾਂ ਉਨ੍ਹਾਂ ਸ਼ਹੀਦਾਂ ਨੂੰ ਸਰਕਾਰੀ ਕਾਗਜ਼ਾਂ ਵਿੱਚ ਸ਼ਹੀਦਾਂ ਦਾ ਦਰਜਾ ਮਿਲਿਆ ਤੇ ਨਾ ਹੀ ਇਹ ਪਤਾ ਲੱਗਾ ਕਿ ਆਖ਼ਰਕਾਰ ਸ਼ਹੀਦ ਕਿੰਨੇ ਲੋਕ ਹੋਏ ਸੀ।
ਸੋਸ਼ਲ ਵਰਕਰ ਨਰੇਸ਼ ਜੌਹਰ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ 30 ਦਸੰਬਰ, 2018 ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸੂਚਨਾ ਅਧਿਕਾਰ ਐਕਟ ਤਹਿਤ ਜਾਣਕਾਰੀ ਮੰਗੀ ਸੀ ਕਿ ਜਨਰਲ ਡਾਇਰ ਦੇ ਹੁਕਮਾਂ 'ਤੇ ਹੋਈ ਗੋਲ਼ੀਬਾਰੀ ਨਾਲ ਕਿੰਨੇ ਲੋਕ ਸ਼ਹੀਦ ਹੋਏ ਸੀ। ਇਸ ਗੱਲ ਨੂੰ ਅੱਜ 100 ਦਿਨ ਹੋ ਚੱਲੇ ਹਨ, ਪਰ ਅਧਿਕਾਰੀ RTI ਦਾ ਕੋਈ ਜਵਾਬ ਨਹੀਂ ਦੇ ਰਹੇ।
ਜਲ੍ਹਿਆਂਵਾਲਾ ਬਾਗ ਵਿੱਚ ਗੋਲ਼ੀਕਾਂਡ ਦੇ ਤੁਰੰਤ ਬਾਅਦ ਲਾਹੌਰ ਵਿੱਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਜਨਰਲ ਡਾਇਰ ਨੇ 200 ਤੋਂ 300 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ, ਜਦਕਿ ਮਾਈਕਲ ਓਡਵਾਇਰ ਨੇ ਆਪਣੀ ਭੇਜੀ ਰਿਪੋਰਟ ਵਿੱਚ ਮਰਨ ਵਾਲਿਆਂ ਦੀ ਗਿਣਤੀ 200 ਲਿਖੀ ਸੀ। ਹੋਮ ਮਿਨਿਸਟ੍ਰੀ (1919), ਨੰਬਰ-23, ਡੀਆਰ-2 ਵਿੱਚ ਚੀਫ ਸਕੱਤਰ ਜੇਬੀ ਥਾਮਸ ਤੇ ਐਚਡੀ ਕ੍ਰੇਕ ਨੇ 290 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ।
ਉੱਧਰ ਮਿਲਟਰੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 13 ਅਪਰੈਲ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਵਿੱਚ 200 ਤੋਂ ਵੀ ਘੱਟ ਲੋਕ ਮਾਰੇ ਗਏ ਸੀ। ਅਧਿਕਾਰਤ ਤੌਰ 'ਤੇ 381 ਲੋਕਾਂ ਦੇ ਮਾਰੇ ਜਾਣ ਤੇ 1208 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਹਾਲਾਂਕਿ ਅੰਮ੍ਰਿਤਸਰ ਸੇਵਾ ਕਮੇਟੀ ਨੇ ਜਲ੍ਹਿਆਂਵਾਲਾ ਬਾਗ ਵਿੱਚ ਮਰਨ ਵਾਲਿਆਂ ਦੀ ਗਿਣਤੀ 501 ਦੱਸੀ ਹੈ।
100 ਸਾਲਾਂ ਤੋਂ ਕੋਈ ਨਹੀਂ ਜਾਣ ਸਕਿਆ ਜਲ੍ਹਿਆਂਵਾਲਾ ਬਾਗ ਦਾ ਇਹ ਰਹੱਸ!
ਏਬੀਪੀ ਸਾਂਝਾ
Updated at:
07 Apr 2019 02:03 PM (IST)
ਹਰ ਸਾਲ 13 ਅਪਰੈਲ ਨੂੰ ਸਰਕਾਰੀ ਅਧਿਕਾਰੀ ਤੇ ਲੀਡਰ ਜਲ੍ਹਿਆਂਵਾਲਾ ਬਾਗ ਵਿੱਚ ਮੌਨ ਖੜ੍ਹੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਤਾਂ ਦਿੰਦੇ ਹਨ ਪਰ ਨਾ ਤਾਂ ਉਨ੍ਹਾਂ ਸ਼ਹੀਦਾਂ ਨੂੰ ਸਰਕਾਰੀ ਕਾਗਜ਼ਾਂ ਵਿੱਚ ਸ਼ਹੀਦਾਂ ਦਾ ਦਰਜਾ ਮਿਲਿਆ ਤੇ ਨਾ ਹੀ ਇਹ ਪਤਾ ਲੱਗਾ ਕਿ ਆਖ਼ਰਕਾਰ ਸ਼ਹੀਦ ਕਿੰਨੇ ਲੋਕ ਹੋਏ ਸੀ।
- - - - - - - - - Advertisement - - - - - - - - -