ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਫਿਰ ਰਾਸ ਨਹੀਂ ਆ ਰਿਹਾ। ਦਰਅਸਲ 'ਆਪ' ਨੇ ਦਿੱਲੀ ਵਿੱਚ ਕਾਂਗਰਸ ਨਾਲ ਗਠਜੋੜ ਕਰਨ ਲਈ ਸ਼ਰਤ ਰੱਖ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਾਰਟੀ ਕਾਂਗਰਸ ਨਾਲ ਉਦੋਂ ਹੀ ਗਠਜੋੜ ਕਰੇਗੀ ਜਦੋਂ ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਦੋਵੇਂ ਮਿਲ ਕੇ ਚੋਣ ਲੜਨਗੇ।
ਪਾਰਟੀ ਸੂਤਰਾਂ ਨੇ ਦੱਸਿਆ ਕਿ 'ਆਪ' ਵੱਲੋਂ ਕਾਂਗਰਸ ਨੂੰ ਦੋ ਸ਼ਰਤਾਂ ਰੱਖੀਆਂ ਗਈਆਂ ਹਨ। ਪਹਿਲੀ ਤਾਂ ਇਹੀ ਕਿ ਦਿੱਲੀ ਨਾਲ ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਕਾਂਗਰਸ ਨੂੰ ਗਠਜੋੜ ਕਰਨਾ ਪਏਗਾ। ਦੂਜੀ ਇਹ ਕਿ ਕਾਂਗਰਸ ਨੂੰ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਸਮਰਥਨ ਕਰਨਾ ਪਏਗਾ। ਪਿਛਲੇ ਦੋ ਦਿਨਾਂ ਤੋਂ ਕਾਂਗਰਸ ਨਾਲ ਗਠਜੋੜ ਦੇ ਮੁੱਦੇ 'ਤੇ ਹਲਚਲ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਕੇਜਰੀਵਾਲ ਨੇ 'ਆਪ' ਦੀ ਦਿੱਲੀ ਇਕਾਈ ਦੇ ਇਨਚਾਰਜ ਗੋਪਾਲ ਰਾਏ, ਸਾਂਸਦ ਸੰਜੈ ਸਿੰਘ ਤੇ ਸੀਨੀਅਰ ਲੀਡਰ ਮਨੀਸ਼ ਸਿਸੋਦੀਆ ਨਾਲ ਬੈਠਕ ਵੀ ਕੀਤੀ।
ਪਾਰਟੀ ਦੇ ਇੱਕ ਲੀਡਰ ਨੇ ਪੁਸ਼ਟੀ ਕੀਤੀ ਕਿ ਕਾਂਗਰਸ ਨਾਲ ਗਠਜੋੜ ਤਾਂ ਹੀ ਸੰਭਵ ਹੈ ਜਦੋਂ ਹਰਿਆਣਾ ਦੀਆਂ ਦਸ, ਦਿੱਲੀ ਦੀਆਂ ਸੱਤ ਤੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਦੋਵੇਂ ਦਲ ਮਿਲ ਕੇ ਚੋਣਾਂ ਲੜਨਗੇ। ਇਸ ਦੇ ਇਲਾਵਾ ਜੇ ਕਾਂਗਰਸ ਨਾਲ ਹੱਥ ਮਿਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਦਿੱਲੀ ਨੂੰ ਪੂਰਨ ਰਾਜ ਦੇਣ ਦੀ ਮੰਗ ਦਾ ਸਮਰਥਨ ਕਰਨਾ ਪਏਗਾ।