ਚੰਡੀਗੜ੍ਹ: ਬੈਂਕ ਵਿੱਚ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਗਠਿਤ ਬੈਂਕਿੰਗ ਕੋਡਸ ਐਂਡ ਸਟੈਂਡਰਜ਼ ਬੋਰਡ ਆਫ ਇੰਡੀਆ (BCSBI) ਨੇ ਗਾਹਕਾਂ ਲਈ ਕੁਝ ਅਧਿਕਾਰ ਬਣਾਏ ਹਨ। ਜੇ ਕੋਈ ਵੀ ਬੈਂਕ ਮੁਲਾਜ਼ਮ ਤੁਹਾਨੂੰ ਬੇਵਜ੍ਹਾ ਪ੍ਰੇਸ਼ਾਨ ਕਰੇ ਜਾਂ ਸੇਵਾ ਨਾ ਦਏ ਤਾਂ ਤੁਸੀਂ ਇਨ੍ਹਾਂ ਅਧਿਕਾਰਾਂ ਦਾ ਇਸਤੇਮਾਲ ਕਰਕੇ ਉਸ ਮੁਲਾਜ਼ਮ ਦੀ ਸ਼ਿਕਾਇਤ ਕਰ ਸਕਦੇ ਹੋ। ਸਬੰਧਤ ਅਧਿਕਾਰੀ ਨੂੰ ਤੈਅ ਸਮੇਂ ਦੇ ਅੰਦਰ-ਅੰਦਰ ਤੁਹਾਡੀ ਸ਼ਿਕਾਇਤ ਦਾ ਹੱਲ ਕੱਢਣਾ ਪਏਗਾ। ਇਸ ਦੇ ਨਾਲ ਹੀ ਤੁਹਾਨੂੰ ਸ਼ਿਕਾਇਤ ਦੀ ਰਿਸੀਵਿੰਗ ਕਾਪੀ ਵੀ ਦੇਣੀ ਪਏਗੀ। ਜਾਣੋ ਇਨ੍ਹਾਂ 10 ਅਧਿਕਾਰਾਂ ਬਾਰੇ:-

  • ਖ਼ਾਤਾ ਖੋਲ੍ਹਣ ਦਾ ਅਧਿਕਾਰ- ਹਰ ਵਿਅਕਤੀ ਕੋਲ ਬੀਐਸਬੀਡੀ, ਯਾਨੀ ਬੇਸਿਕ ਜਾਂ ਛੋਟੇ ਖ਼ਾਤੇ ਦਾ ਅਧਿਕਾਰ ਹੈ। ਇੱਕ ਫੋਟੋ ਤੇ ਬੈਂਕ ਦੇ ਖ਼ਾਤਾ ਖੋਲ੍ਹਣ ਦੇ ਫਾਰਮ 'ਤੇ ਹਸਤਾਖ਼ਰ ਕਰਕੇ ਜਾਂ ਅੰਗੂਠਾ ਲਾ ਕੇ ਖ਼ਾਤਾ ਖੋਲ੍ਹਿਆ ਜਾ ਸਕਦਾ ਹੈ। ਹਾਲਾਂਕਿ ਕੋਈ ਵੀ ਬੈਂਕ ਸਥਾਈ ਪਤੇ ਦੇ ਸਬੂਤ ਦੀ ਅਣਹੋਂਦ ਵਿੱਚ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਭਾਰਤੀ ਨਾਗਰਿਕ ਦਾ ਖਾਤਾ ਖੋਲ੍ਹਣ ਤੋਂ ਇਨਕਾਰ ਨਹੀਂ ਕਰ ਸਕਦਾ।

  • ਵਿਸ਼ੇਸ਼ ਸ਼ਰਤਾਂ ਦੀ ਜਾਣਕਾਰੀ ਲੈਣ ਦਾ ਹੱਕ- ਬੈਂਕਾਂ ਲਈ ਜ਼ਰੂਰੀ ਹੈ ਕਿ ਉਹ ਗਾਹਕਾਂ ਦਾ ਖ਼ਾਤਾ ਖੋਲ੍ਹਣ ਲੱਗਿਆਂ ਉਨ੍ਹਾਂ ਨੂੰ ਡਿਪੋਜ਼ਿਟ ਖਾਤਿਆਂ ਦੀਆਂ ਵਿਸ਼ੇਸ਼ ਸ਼ਰਤਾਂ ਦੀ ਜਾਣਕਾਰੀ ਦੇਣ। ਇਹ ਹਰ ਗਾਹਕ ਦਾ ਹੱਕ ਹੈ। ਜੇ ਬੈਂਕ ਅਜਿਹਾ ਨਹੀਂ ਕਰਦਾ ਤਾਂ ਉਸ ਖਿਲਾਫ ਸ਼ਿਕਾਇਤ ਕੀਤੀ ਜਾ ਸਕਦੀ ਹੈ।

  • ਸਿਫ਼ਰ ਰਕਮ 'ਤੇ ਵੀ ਬੰਦ ਨਹੀਂ ਹੋ ਸਕਦਾ ਖ਼ਾਤਾ- ਬੀਐਸਬੀਡੀ ਖ਼ਾਤੇ ਵਿੱਚ ਜੇ ਰਕਮ ਸਿਫ਼ਰ ਤਕ ਵੀ ਪਹੁੰਚ ਜਾਏ ਤਾਂ ਵੀ ਤੁਹਾਡਾ ਖ਼ਾਤਾ ਬੰਦ ਨਹੀਂ ਕੀਤਾ ਜਾ ਸਕਦਾ।

  • ਮੁਫ਼ਤ 'ਚ ਖ਼ਾਤਾ ਦੁਬਾਰਾ ਚਾਲੂ ਕਰਨਾ- ਬੈਂਕ ਦੇ ਖ਼ਾਤੇ ਨੂੰ ਦੁਬਾਰਾ ਚਾਲੂ ਕਰਨ ਲਈ ਬੈਂਕ ਤੁਹਾਡੇ ਕੋਲੋਂ ਕੋਈ ਫੀਸ ਨਹੀਂ ਲੈ ਸਕਦਾ। ਜੇ ਲੈਂਦਾ ਹੈ ਤਾਂ ਇਹ ਗ਼ਲਤ ਹੈ।

  • ਫਟੇ-ਪੁਰਾਣੇ ਨੋਟ ਬਦਲਾਉਣਾ- ਜੇ ਤੁਹਾਨੂੰ ਕਿਤਿਓਂ ਫਟਿਆ-ਪੁਰਾਣਾ ਨੋਟ ਮਿਲ ਗਿਆ ਹੈ ਤਾਂ ਤੁਸੀਂ ਬੈਂਕ ਦੀ ਕਿਸੇ ਵੀ ਬ੍ਰਾਂਚ ਵਿੱਚ ਜਾ ਕੇ ਨੋਟ ਬਦਲਵਾ ਸਕਦੇ ਹੋ। ਬੈਂਕ ਇਸ ਤੋਂ ਇਨਕਾਰ ਨਹੀਂ ਕਰ ਸਕਦੇ।

  • ਜੇ ਤੁਸੀਂ ਬੈਂਕ ਦੀ ਕਿਸੇ ਸਰਵਿਸ ਤੋਂ ਸੰਤੁਸ਼ਟ ਨਹੀਂ ਹੋ ਤਾਂ ਬੈਂਕ ਦੇ ਸ਼ਾਖਾ ਅਧਿਕਾਰੀ ਜਾਂ ਟੋਲ ਫ੍ਰੀ ਨੰਬਰ 'ਤੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇ ਕੋਈ ਮੁਲਾਜ਼ਮ ਤੁਹਾਡੇ ਨਾਲ ਮਾੜਾ ਵਤੀਰਾ ਕਰਦਾ ਹੈ ਤਾਂ ਉਸ ਦੀ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਹਰ ਬੈਂਕ ਵਿੱਚ ਸ਼ਿਕਾਇਤ ਸੁਣਨ ਵਾਲੇ ਅਧਿਕਾਰੀ ਦਾ ਨਾਂ ਲਿਖਿਆ ਹੁੰਦਾ ਹੈ। ਅਧਿਕਾਰੀ ਨੂੰ ਸ਼ਿਕਾਇਤ ਦੀ ਰਿਸੀਟ ਕਾਪੀ ਵੀ ਦੇਣੀ ਹੁੰਦੀ ਹੈ।

  • ਬਜ਼ੁਰਗਾਂ ਤੇ ਵਿਕਲਾਂਗਾਂ ਨੂੰ ਇੱਕੋ ਖਿੜਕੀ/ਥਾਂ 'ਤੇ ਸਾਰੀਆਂ ਸੁਵਿਧਾਵਾਂ ਦੇਣਾਂ ਬੈਂਕਾਂ ਲਈ ਜ਼ਰੂਰੀ ਹੈ।

  • ਕੋਈ ਵੀ ਗਾਹਕ ਕਿਸੇ ਵੀ ਬੈਂਕ ਤੋਂ ਕਿਸੇ ਹੋਰ ਬੈਂਕ ਵਿੱਚ ਨੈਸ਼ਨਲ ਇਲੈਕਟ੍ਰੋਨਿਕ ਫੰਡਜ਼ ਟ੍ਰਾਂਸਫਰ (NEFT) ਜ਼ਰੀਏ 50 ਹਜ਼ਾਰ ਰੁਪਏ ਤਕ ਦੀ ਰਕਮ ਜਮ੍ਹਾ ਕਰਵਾਈ ਜਾ ਸਕਦੀ ਹੈ।

  • ਜੇ ਬੈਂਕ ਵੱਲੋਂ ਚੈੱਕ ਕੁਲੈਕਸ਼ਨ ਵਿੱਚ ਤੈਅ ਸਮੇਂ ਤੋਂ ਜ਼ਿਆਦਾ ਦੇਰੀ ਲੱਗੇ ਤਾਂ ਗਾਹਕਾਂ ਨੂੰ ਮੁਆਵਜ਼ਾ ਲੈਣ ਦਾ ਅਧਿਕਾਰ ਹੈ। ਮੁਆਵਜ਼ੇ ਦੀ ਰਕਮ ਸਾਧਾਰਣ ਵਿਆਜ ਦਰ ਦੇ ਹਿਸਾਬ ਨਾਲ ਚੁਕਾਈ ਜਾਏਗੀ।

  • ਜੇ ਕਿਸੇ ਗਾਹਕ ਨੇ ਬੈਂਕ ਤੋਂ ਕਰਜ਼ਾ ਲਿਆ ਹੈ, ਜਿਸ ਲਈ ਸਕਿਉਰਟੀ ਦਿੱਤੀ ਹੈ ਤਾਂ ਇਸ ਮਾਮਲੇ 'ਚ ਪੂਰੀ ਦੇਣਦਾਰੀ ਚੁਕਾਏ ਜਾਣ ਦੇ 15 ਦਿਨਾਂ ਅੰਦਰ ਸਕਿਉਰਟੀ ਵਾਪਸ ਮਿਲਣੀ ਚਾਹੀਦੀ ਹੈ।