ਨਵੀਂ ਦਿੱਲੀ: ਪਾਕਿਸਤਾਨ ਨੇ ਆਪਣੇ 11 ਹਵਾਈ ਮਾਰਗਾਂ ਵਿੱਚੋਂ ਇੱਕ ਨੂੰ ਭਾਰਤ ਤੋਂ ਪੱਛਮੀ ਦੇਸ਼ਾਂ ਵੱਲ ਜਾਣ ਵਾਲੀਆਂ ਉਡਾਣਾਂ ਵਾਸਤੇ ਖੋਲ੍ਹ ਦਿੱਤਾ ਹੈ। ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਤੇ ਤੁਰਕੀ ਏਅਰਲਾਈਨਜ਼ ਵਰਗੀਆਂ ਉਡਾਣ ਕੰਪਨੀਆਂ ਨੇ ਇਸ ਲਾਂਘੇ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਅੰਸ਼ਕ ਤੌਰ 'ਤੇ ਆਪਣੇ ਹਵਾਈ ਖੇਤਰ ਨੂੰ ਖੋਲ੍ਹ ਰਿਹਾ ਹੈ। ਬੇਸ਼ੱਕ ਪਾਕਿਸਤਾਨ ਨੇ ਬੁੱਧਵਾਰ ਤੋਂ ਹਵਾਈ ਖੇਤਰ ਮੋਕਲਾ ਕਰ ਦਿੱਤਾ ਹੈ, ਪਰ ਅਮਰੀਕੀ ਉਡਾਣ ਕੰਪਨੀ ਯੂਨਾਈਟਿਡ ਏਅਰਲਾਈਨਜ਼ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੇਵਾਰਕ ਹਵਾਈ ਅੱਡੇ ਤੇ ਦਿੱਲੀ ਹਵਾਈ ਅੱਡੇ ਤਕ ਜਾਣ ਵਾਲੀਆਂ ਉਡਾਣਾਂ ਨੂੰ ਦੋ ਹਫ਼ਤਿਆਂ ਤਕ ਰੱਦ ਕੀਤਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ਦੇ ਹਮਲੇ ਵਿੱਚ 40 ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਉਦੋਂ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਤਲਖ਼ ਹੋ ਗਏ ਸਨ ਤਾਂ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।