ਮੁੰਬਈ: ਸਬ ਟੀਵੀ ਦੇ ਸ਼ੋਅ 'ਆਦਤ ਤੋਂ ਮਜਬੂਰ' ਅਤੇ ਐਂਡ ਟੀਵੀ ਦੇ ਸ਼ੋਅ 'ਕੁਲਦੀਪਕ' 'ਚ ਕੰਮ ਕਰ ਚੁੱਕੇ ਅਦਾਕਾਰ ਮਨਮੀਤ ਗਰੇਵਾਲ ਨੇ ਸ਼ੁੱਕਰਵਾਰ ਰਾਤ ਸਾਢੇ ਦਸ ਵਜੇ ਆਪਣੇ ਘਰ 'ਚ ਫਾਹ ਲੈਕੇ ਆਤਮਹੱਤਿਆ ਕਰ ਲਈ। 32 ਸਾਲਾ ਮਨਮੀਤ ਆਪਣੀ ਪਤਨੀ ਨਾਲ ਨਵੀਂ ਮੁੰਬਈ ਦੇ ਖਾਰਕਰ ਇਲਾਕੇ 'ਚ ਕਿਰਾਏ ਦੇ ਫਲੈਟ 'ਚ ਰਹਿੰਦਾ ਸੀ।


ਪਹਿਲਾਂ ਤੋਂ ਕਰਜ਼ 'ਚ ਡੁੱਬੇ ਤੇ ਆਰਥਿਕ ਤੰਗੀ ਨਾਲ ਜੂਝ ਰਿਹਾ ਮਨਮੀਤ ਗਰੇਵਾਲ ਲੌਕਡਾਊਨ ਕਾਰਨ ਛੋਟੇ-ਮੋਟੇ ਕੰਮ ਵੀ ਬੰਦ ਹੋ ਜਾਣ ਤੋਂ ਕਾਫੀ ਪਰੇਸ਼ਾਨ ਸੀ। ਇੱਥੋਂ ਤਕ ਕਿ ਘਰ ਦਾ ਕਿਰਾਇਆ ਦੇਣ ਤੋਂ ਵੀ ਅਸਮਰੱਥ ਸੀ। ਜਿਸ ਦੇ ਚੱਲਦਿਆਂ ਉਹ ਡਿਪੈਰਸ਼ਨ ਦਾ ਸ਼ਿਕਾਰ ਹੋ ਗਿਆ।


ਮਨਮੀਤ ਗਰੇਵਾਲ ਦੇ ਖ਼ਾਸ ਦੋਸਤ ਤੇ ਪ੍ਰੋਡਿਊਸਰ ਮਨਜੀਤ ਸਿੰਘ ਰਾਜਪੂਤ ਨੇ ਦੱਸਿਆ ਕਿ ਨਿੱਜੀ ਤੇ ਕਾਰੋਬਾਰੀ ਕੰਮ ਲਈ ਮਨਮੀਤ ਨੇ ਲੱਖਾਂ ਰੁਪਏ ਕਰਜ਼ ਲਿਆ ਹੋਇਆ ਸੀ। ਲੌਕਡਾਊਨ ਕਾਰਨ ਕੋਈ ਕਮਾਈ ਨਹੀਂ ਹੋ ਰਹੀ ਸੀ ਜਿਸ ਕਾਰਨ ਉਹ ਉਧਾਰ ਲਿਆ ਪੈਸਾ ਵੀ ਮੋੜਨ ਤੋਂ ਅਸਮਰੱਥ ਸੀ। ਇਸੇ ਪਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ।


ਮਨਜੀਤ ਨੇ ਦੱਸਿਆ ਕਿ ਫਾਂਸੀ ਲਾਉਣ ਮਗਰੋਂ ਉਨ੍ਹਾਂ ਦੀ ਪਤਨੀ ਨੇ ਪਤੀ ਦੀ ਲਮਕਦੀ ਲਾਸ਼ ਨੂੰ ਹੇਠਾਂ ਤੋਂ ਫੜ੍ਹਿਆ ਸੀ ਤੇ ਤੇ ਉਹ ਲੋਕਾਂ ਨੂੰ ਉਸ ਦੀ ਗਰਦਨ 'ਚ ਬੰਨ੍ਹਿਆ ਦੁਪੱਟਾ ਕੈਂਚੀ ਨਾਲ ਕੱਟਣ ਦੀ ਗੁਹਾਰ ਲਾਉਂਦੀ ਰਹੀ। ਕੋਰੋਨਾ ਵਾਇਰਸ ਦੇ ਡਰ ਕਾਰਨ ਕਿਸੇ ਨੇ ਉਸਦੀ ਮਦਦ ਨਹੀਂ ਕੀਤੀ। ਇੱਥੋਂ ਤਕ ਕਿ ਕੁਝ ਸਮੇਂ ਬਾਅਦ ਪਹੁੰਚੇ ਡਾਕਟਰ ਤੇ ਪੁਲਿਸ ਨੇ ਵੀ ਕੋਈ ਮਦਦ ਨਾ ਕੀਤੀ। ਕਰੀਬ ਇਕ ਘੰਟੇ ਬਾਅਦ ਬਿਲਡਿੰਗ ਦੇ ਗਾਰਡ ਨੇ ਮਨਮੀਤ ਦੇ ਗਲੇ 'ਚੋਂ ਦੁਪੱਟਾ ਕੱਟਿਆ ਤਾਂ ਉਸ ਨੂੰ ਹਸਪਤਾਲ ਲਿਜਾਇਆਅ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।



ਮਨਮੀਤ ਕਈ ਸੀਰੀਅਲਜ਼ 'ਚ ਕੰਮ ਕਰਨ ਤੋਂ ਇਲਾਵਾ ਕਈ ਐਡ ਫ਼ਿਲਮਾਂ 'ਚ ਕੰਮ ਕਰ ਚੁੱਕਾ ਸੀ। ਉਹ ਅੱਠ ਐਪੀਸੋਡ ਵਾਲੀ ਇਕ ਵੈੱਡ ਸੀਰੀਜ਼ 'ਚ ਕੰਮ ਕਰ ਰਿਹਾ ਸੀ ਤੇ ਤਿੰਨ ਐਪੀਸੋਡਜ਼ 'ਚ ਨਜ਼ਰ ਆਉਣ ਵਾਲਾ ਸੀ। ਇਸ ਤੋਂ ਇਲਾਵਾ ਕਈ ਐਕਟਿੰਗ ਸਕੂਲਾਂ 'ਚ ਇਕ ਫੈਕਲਟੀ ਦੇ ਤੌਰ 'ਤੇ ਵੀ ਕੰਮ ਕਰਦਾ ਸੀ। ਪਰ ਲੌਕਡਾਊਨ ਕਾਰਨ ਸਭ ਕੰਮ ਬੰਦ ਹੋਣ ਕਾਰਨ ਉਸ ਦਾ ਡਿਪਰੈਸ਼ਨ ਕਈ ਗੁਣਾ ਵਧ ਗਿਆ ਤੇ ਉਸ ਨੇ ਆਤਮਹੱਤਿਆ ਕਰ ਲਈ।