ਜੰਮੂ: ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਇਸ ਫਾਇਰਿੰਗ 'ਚ ਭਾਰਤ ਦੇ ਦੋ ਸੈਨਿਕ ਸ਼ਹੀਦ ਹੋ ਗਏ ਤੇ ਚਾਰ ਜਵਾਨ ਜ਼ਖਮੀ ਹੋਏ ਹਨ। ਭਾਰਤੀ ਫੌਜ ਦੀ ਤਰਫੋਂ ਇਹ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਸੈਨਿਕਾਂ ਨੇ ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ 'ਚ ਬਿਨਾਂ ਕਿਸੇ ਭੜਕਾਹਟ ਦੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ, ਜਿਸ 'ਚ ਦੋ ਸੈਨਿਕ ਸ਼ਹੀਦ ਹੋ ਗਏ, ਚਾਰ ਹੋਰ ਜ਼ਖਮੀ ਹੋ ਗਏ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਇੱਥੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਪਾਕਿਸਤਾਨ ਵਾਲੇ ਪਾਸਿਓਂ ਭਾਰੀ ਗੋਲੀਬਾਰੀ ਕੀਤੀ ਗਈ ਤੇ ਮੋਰਟਾਰ ਗੋਲੇ ਦਾਗੇ ਗਏ। ਸੈਨਾ ਦਾ ਇੱਕ ਜਵਾਨ ਮਾਰਿਆ ਗਿਆ ਤੇ ਦੂਜਾ ਜ਼ਖਮੀ ਹੋ ਗਿਆ।
ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿ ਫੌਜ ਪਿਛਲੇ ਪੰਜ ਦਿਨਾਂ ਤੋਂ ਪੁੰਛ ਵਿੱਚ ਬਸਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਗੋਲਬੇਰੀ ਵਿੱਚ ਮੰਗਲਵਾਰ ਨੂੰ ਕਈ ਜਾਨਵਰ ਜ਼ਖ਼ਮੀ ਹੋਏ ਸੀ। ਪਾਕਿਸਤਾਨ ਨੇ ਸਤੰਬਰ ਵਿੱਚ 47 ਵਾਰ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਇਸ ਤੋਂ ਪਹਿਲਾਂ ਰਾਜੌਰੀ ਦੇ ਕੇਰੀ ਸੈਕਟਰ ਵਿੱਚ ਪਾਕਿਸਤਾਨੀ ਫੌਜ ਨੇ 2 ਸਤੰਬਰ ਨੂੰ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ ਸੀ ਤੇ ਇਸ ਦੌਰਾਨ ਇੱਕ ਜੇ ਸੀ ਓ ਸ਼ਹੀਦ ਹੋ ਗਿਆ ਸੀ।