ਗਣਤੰਤਰ ਦਿਵਸ ਮੌਕੇ ਸਰਕਾਰ ਖਿਲਾਫ ਆਵਾਜ਼ ਉਠਾਉਂਦੇ ਬੇਰੁਜ਼ਗਾਰ ਅਧਿਆਪਕ ਗ੍ਰਿਫ਼ਤਾਰ
ਗਣਤੰਤਰ ਦਿਵਸ ਮੌਕੇ ਸੰਗਰੂਰ 'ਚ ਸਾਰਾ ਦਿਨ ਮਾਹੌਲ ਤਣਾਅਪੂਰਨ ਬਣਿਆ ਰਿਹਾ। ਪਿਛਲੇ ਚਾਰ ਮਹੀਨਿਆਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਤੇ ਬੀਐੱਡ ਅਧਿਆਪਕਾਂ ਨੇ ਸਵੇਰ 5 ਵਜੇ ਤੋਂ ਹੀ ਸਰਕਾਰੀ ਸਮਾਰੋਹ 'ਚ ਵਿਘਨ ਪਾਉਣ ਲਈ ਤਿਆਰੀਆਂ ਆਰੰਭ ਕੀਤੀਆਂ ਸੀ।
ਬੈਕਲਾਗ ਈਟੀਟੀ ਦੀਆਂ 595 , 161 ਅਤੇ ਬੈਕਲਾਗ ਬੀਐੱਡ ਦੀਆਂ 90 ਅਸਾਮੀਆਂ ਦਾ ਹੱਲ ਕੱਢਿਆ ਜਾਵੇ ਅਤੇ ਅਧਿਆਪਕ ਭਰਤੀ ਸਬੰਧੀ ਕੈਬਨਿਟ ਵੱਲੋਂ ਈਟੀਟੀ ਉਮੀਦਵਾਰਾਂ ਲਈ ਹਟਾਈ ਗ੍ਰੈਜੂਏਸ਼ਨ ਤੇ ਬੀਐੱਡ ਲਈ ਹਟਾਈ 55 ਫੀਸਦੀ ਅੰਕਾਂ ਦੀ ਸ਼ਰਤ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਯੂਨੀਅਨ ਨੂੰ ਦਿੱਤੀ ਜਾਵੇ।
ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਦੀ ਮੰਗ ਹੈ ਕਿ ਅਸਾਮੀਆਂ ਦੀ ਗਿਣਤੀ 'ਚ ਵਾਧਾ ਕਰਦਿਆਂ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਕੁੱਲ ਅਸਾਮੀਆਂ ਭਰਨ ਲਈ ਈਟੀਟੀ ਦੀਆਂ 12 ਹਜ਼ਾਰ ਅਤੇ ਬੀਐੱਡ ਦੀਆਂ 15 ਹਜ਼ਾਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ, ਟੈੱਟ ਪਾਸ ਕਰਨ ਦੇ ਬਾਵਜੂਦ ਹਜ਼ਾਰਾਂ ਉਮੀਦਵਾਰ ਨੌਕਰੀ ਉਡੀਕਦਿਆਂ ਭਰਤੀ ਲਈ ਨਿਰਧਾਰਿਤ ਉਮਰ-ਸੀਮਾ ਲੰਘਾ ਚੁੱਕੇ ਉਮੀਦਵਾਰਾਂ ਲਈ ਉਮਰ-ਹੱਦ 37 ਤੋਂ 42 ਸਾਲ ਕੀਤੀ ਜਾਵੇ।
ਇਸ ਦੇ ਨਾਲ ਹੀ ਹਫਤਾ ਭਰ ਪੰਜਾਬ ਸਰਕਾਰ ਖ਼ਿਲਾਫ਼ ਪਿੰਡਾਂ 'ਚ ਅਰਥੀ-ਫੂਕਣ ਦਾ ਸੱਦਾ ਵੀ ਦਿੱਤਾ। ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਗੂਆਂ ਸੰਦੀਪ ਸਾਮਾ ਅਤੇ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਈਟੀਟੀ ਉਮੀਦਵਾਰਾਂ ਲਈ 500 ਅਤੇ ਬੀਐੱਡ ਲਈ 2182 ਅਸਾਮੀਆਂ ਦੀ ਪ੍ਰਵਾਨਗੀ ਬੇਰੁਜ਼ਗਾਰ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ, ਕਿਉਂਕਿ ਪੰਜਾਬ 'ਚ ਕਰੀਬ 15 ਹਜ਼ਾਰ ਈਟੀਟੀ ਅਤੇ 50 ਹਜ਼ਾਰ ਬੀਐੱਡ ਟੈੱਟ ਪਾਸ ਉਮੀਦਵਾਰ ਹਨ ਤੇ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਅਸਾਮੀਆਂ ਖਾਲੀ ਹਨ।
ਭਰਾਤਰੀ ਜਥੇਬੰਦੀਆਂ ਅਤੇ ਮਾਹੌਲ ਨੂੰ ਵੇਖਦਿਆਂ ਸ਼ਾਮ ਨੂੰ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ ਰਿਹਾਅ ਕਰਦਿਆਂ ਪੁਲਿਸ ਵੱਲੋਂ ਪੱਕੇ-ਮੋਰਚੇ 'ਤੇ ਛੱਡ ਦਿੱਤਾ ਗਿਆ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ 2 ਫਰਵਰੀ ਨੂੰ ਮੁੜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ।
ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਹੁੰਦੀ ਨਾ ਵੇਖਦਿਆਂ ਆਗੂਆਂ ਨੇ 'ਜੇਲ੍ਹ-ਭਰੋ ਅੰਦੋਲਨ' ਦਾ ਐਲਾਨ ਕਰ ਦਿੱਤਾ, ਬਠਿੰਡਾ-ਸੰਗਰੂਰ ਮਾਰਗ ਦੇ ਓਵਰਬਰਿੱਜ਼ 'ਤੇ ਬੈਰੀਕੇਡ ਤੇ ਭਾਰੀ ਪੁਲਿਸ ਫੋਰਸ ਲਗਾਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਜੇਲ੍ਹ ਵੱਲ ਵਧਣ ਤੋਂ ਰੋਕ ਲਿਆ ਗਿਆ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕ ਆਗੂ ਗੁਰਜੀਤ ਕੌਰ ਖੇੜੀ ਸਮੇਤ 17 ਬੇਰੁਜ਼ਗਾਰ ਅਧਿਆਪਕਾਂ ਨੂੰ ਗ੍ਰਿਫਤਾਰੀ ਕਰਕੇ ਸ਼ਾਮ ਤੱਕ ਬਾਲੀਆਂ ਥਾਣੇ ਰੱਖਿਆ ਗਿਆ।
ਬੱਸ ਰਾਹੀਂ ਜਲਾਲਾਬਾਦ, ਫਾਜ਼ਿਲਕਾ ਦੇ 42 ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਲਾਈਨ ਦੇ ਨੇੜੇ ਪਹੁੰਚਦਿਆਂ ਗ੍ਰਿਫ਼ਤਾਰ ਕਰਕੇ ਲੌਂਗੋਵਾਲ ਥਾਣੇ ਭੇਜਿਆ ਗਿਆ, ਜਿਸ ਉਪਰੰਤ ਪੰਜਾਬ ਭਰ ਤੋਂ ਇਕੱਠ ਹੋਏ ਕਰੀਬ 800 ਬੇਰੁਜ਼ਗਾਰ ਅਧਿਆਪਕਾਂ ਨੇ ਸੰਗਰੂਰ-ਬਠਿੰਡਾ ਮਾਰਗ 'ਤੇ ਜਾਮ ਲਾ ਦਿੱਤਾ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਕੈਬਨਿਟ ਮੰਤਰੀ ਓਪੀ ਸੋਨੀ ਤੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।
ਦੀਪਕ ਕੰਬੋਜ਼, ਜਰਨੈਲ ਨਾਗਰਾ, ਲਵੀ ਬਠਿੰਡਾ, ਕੁਲਵੰਤ ਭੱਟੀ ਤੇ ਸਾਥੀਆਂ ਨੂੰ ਕੈਬਨਿਟ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲਈ ਪਰੇਡ-ਗਰਾਉਂਡ ਵੱਲ ਵਧਦਿਆਂ ਨੂੰ ਗ੍ਰਿਫ਼ਤਾਰ ਕਰ ਬਡਰੁੱਖਾਂ ਚੌਕੀ 'ਚ ਹਿਰਾਸਤ 'ਚ ਲਿਆ ਗਿਆ।