ਪਟਿਆਲਾ: ਹੋਲੀ ਤੋਂ ਪਹਿਲਾਂ ਦੇਸ਼ ਭਰ ਵਿੱਚ ਮੌਸਮ ਦਾ ਮਿਜਾਜ਼ ਬਦਲਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉੱਥੇ ਹੀ ਕਈਆਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉੱਤਰ ਤੋਂ ਲੈ ਕੇ ਮੱਧ ਭਾਰਤ ਤੱਕ, ਹਰ ਪਾਸੇ ਬਾਰਸ਼ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਨੂੰ ਵਧਾ ਦਿੱਤਾ ਹੈ। ਬੇਮੌਸਮੇ ਮੀਂਹ ਤੇ ਝੱਖੜ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਤਹਿਸ-ਨਹਿਸ ਕਰ ਦਿੱਤੀ ਹੈ।


 


ਨਾਭਾ ਵਿੱਚ ਬੀਤੀ ਰਾਤ ਤੋਂ ਹੋ ਰਹੀ ਬਾਰਸ਼ ਤੇ ਹਨੇਰੀ ਨੇ ਕਣਕ ਦੀ ਫ਼ਸਲ ਧਰਤੀ 'ਤੇ ਵਿਛਾ ਦਿੱਤੀ ਹੈ। ਹੁਣ ਕਿਸਾਨਾਂ ਨੂੰ ਇਹ ਚਿੰਤਾ ਹੈ ਕਿ ਉਹ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਕਿਵੇਂ ਵੱਢਣਗੇ ਕਿਉਂਕਿ ਜੋ ਕਣਕ ਧਰਤੀ ਤੇ ਡਿੱਗ ਪਈ ਹੈ, ਉਹ ਬਿਲਕੁਲ ਖ਼ਰਾਬ ਹੀ ਹੋ ਜਾਵੇਗੀ। ਇੱਕ ਪਾਸੇ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਧਰਨੇ 'ਤੇ ਬੈਠਾ ਹੈ, ਉੱਥੇ ਦੂਜੇ ਪਾਸੇ ਕੁਦਰਤ ਦੀ ਕਰੋਪੀ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਹਨ।


 


ਕਿਸਾਨਾਂ ਨੂੰ ਉਮੀਦ ਸੀ ਇਸ ਵਾਰ ਉਨ੍ਹਾਂ ਦੀ ਫਸਲ ਵਿੱਚੋਂ ਬਹੁਤ ਵਧੀਆ ਝਾੜ ਨਿਕਲੇਗਾ ਪਰ ਮੌਸਮ ਵਿਭਾਗ ਵੱਲੋਂ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਬਰਸਾਤ ਦੀ ਭਵਿੱਖਬਾਣੀ ਨੇ ਉਨ੍ਹਾਂ ਦੀਆਂ ਸੱਧਰਾਂ 'ਤੇ ਪਾਣੀ ਫੇਰ ਦਿੱਤਾ ਹੈ। ਨਾਭਾ ਵਿਖੇ ਤੇਜ਼ ਹਨ੍ਹੇਰੀ ਤੇ ਬਰਸਾਤ ਦੇ ਕਾਰਨ ਕਿਸਾਨ ਚਿੰਤਤ ਹਨ ਕਿ ਹੁਣ ਉਹ ਫ਼ਰਿਆਦ ਕਰਨ ਤੱਕ ਕਿਸ ਨੂੰ ਕਰਨ ਕਿਉਂਕਿ ਖੇਤਾਂ ਵਿੱਚ ਉਨ੍ਹਾਂ ਦੀ ਫਸਲ 50 ਪ੍ਰਤੀਸ਼ਤ ਤੋਂ ਵੱਧ ਖ਼ਰਾਬ ਹੋ ਚੁੱਕੀ ਹੈ।


 


ਹੁਣ ਉਨ੍ਹਾਂ ਦੀ ਫਸਲ ਪੱਕਣ ਦੇ ਕੰਢੇ ਸੀ ਤੇ ਅਖੀਰਲੇ ਸਮੇਂ ਵਿੱਚ ਬਰਸਾਤ ਅਤੇ ਹਨ੍ਹੇਰੀ ਝੱਖੜ ਦੇ ਨਾਲ ਫਸਲ ਬਿਲਕੁੱਲ ਬਰਬਾਦ ਹੋਣ ਦੇ ਕਿਨਾਰੇ ਆ ਗਈ ਹੈ। ਇਸ ਬਾਬਤ ਕਿਸਾਨਾਂ ਦਾ ਕਹਿਣਾ ਹੈ ਇੱਕ ਪਾਸੇ ਜਿੱਥੇ ਕਿਸਾਨ ਦਿੱਲੀ ਵਿਖੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਬਾਰਡਰਾਂ 'ਤੇ ਬੈਠੇ ਹਨ, ਉੱਥੇ ਦੂਜੇ ਪਾਸੇ ਬੇਮੌਸਮੀ ਬਰਸਾਤ ਦੇ ਕਾਰਨ ਪੁੱਤਾਂ ਵਾਂਗ ਪਾਲੀ ਫਸਲ ਤਹਿਸ ਨਹਿਸ ਹੋ ਗਈ ਹੈ। ਤੇਜ਼ ਹਨ੍ਹੇਰੀ ਦੇ ਨਾਲ ਜਿਹੜੀ ਕਣਕ ਧਰਤੀ ਤੇ ਡਿੱਗ ਪਈ ਹੈ, ਇਹ ਬਿਲਕੁਲ ਖ਼ਰਾਬ ਹੋ ਜਾਵੇਗੀ ਕਿਉਂਕਿ ਇਸ 'ਤੇ ਡਬਲ ਮਿਹਨਤ ਲਗੇਗੀ। ਇਸ ਤੋਂ ਇਲਾਵਾ ਇਸ ਦਾ ਦਾਣਾ ਬਿਲਕੁਲ ਖ਼ਰਾਬ ਹੋ ਜਾਵੇਗਾ।