ਚੰਡੀਗੜ੍ਹ : ਰਿਸ਼ਵਤਖੋਰੀ ਖਿਲਾਫ਼ ਨਕੇਲ ਕੱਸਣ ਲਈ ਪੰਜਾਬ ਸਰਕਾਰ ਨੇ ਐਂਟੀ ਕਰੱਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ ਤਾਂ ਦੂਸਰੇ ਪਾਸੇ ਵਿਜੀਲੈਂਸ ਵੀ ਲਗਤਾਰ ਕਾਰਵਾਈ 'ਤੇ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਇਸੇ ਤਹਿਤ ਵਿਜੀਲੈਂਸ ਦੇ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ (ASI) ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਅਜਿਹਾ ਇਹ ਪਹਿਲਾ ਕੇਸ ਨਹੀਂ ਹੈ ਜੋਂ ਵਿਜੀਲੈਂਸ ਨੇ ਕੋਈ ਪੁਲਿਸ ਅਧਿਕਾਰੀ ਨੂੰ ਕਾਬੂ ਕੀਤਾ ਹੋਵੇ। ਪਿਛਲੇ ਦਿਨੀ ਲੁਧਿਆਣਾ ਵਿੱਚ ਵੀ ਇੱਕ ਸਹਾਇਕ ਸਬ ਇੰਸਪੈਕਟਰ (ASI)  ਆਟੋ ਚਾਲਕ ਤੋਂ 1500 ਰੁਪਏ ਰਿਸ਼ਵਤ ਲੈਂਦੇ ਫੜਿਆ ਸੀ।


 


ਵਿਜੀਲੈਂਸ ਨੇ ਜਿਹੜੀ ਹੁਣ ਕਾਰਵਾਈ ਕੀਤੀ ਹੈ ਉਸ ਦੇ ਤਹਿਤ ਥਾਣਾ ਚਾਟੀਵਿੰਡ, ਜਿਲ੍ਹਾ ਅੰਮ੍ਰਿਤਸਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ASI ਭੁਪਿੰਦਰ ਸਿੰਘ ਖਿਲਾਫ਼ ਸਰਵਨ ਸਿੰਘ ਵਾਸੀ ਪਿੰਡ ਗੁਰਵਾਲੀ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਵਿਜੀਲੈਂਸ ਦੇ ਅਧਿਕਾਰੀਆਂ ਨੇ ASI ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। 


 


ਸ਼ਿਕਾਇਤਕਰਤਾ ਸਰਵਨ ਸਿੰਘ ਨੇ ਪੁਲਿਸ ਥਾਣਾ ਵਿਜੀਲੈਂਸ ਰੇਂਜ ਅੰਮ੍ਰਿਤਸਰ ਵਿਖੇ ਪਹੁੰਚ ਕਰਕੇ ਸ਼ਿਕਾਇਤ ਕੀਤੀ  ਕਿ ਉਸ ਦੇ ਅਤੇ ਹੋਰਨਾਂ ਖ਼ਿਲਾਫ਼ ਥਾਣਾ ਚਾਟੀਵਿੰਡ ਵਿਖੇ ਆਈ.ਪੀ.ਸੀ. ਦੀ ਧਾਰਾ 323, 379-ਏ, 427, 452, 506, 148 ਅਤੇ 149 ਤਹਿਤ 13-02-2023 ਨੂੰ ਦਰਜ ਹੋਏ ਮਾਮਲੇ ਵਿੱਚ ਹਾਈਕੋਰਟ ਤੋਂ ਰੈਗੂਲਰ ਜ਼ਮਾਨਤ ਕਰਵਾਉਣ ਬਦਲੇ ਏ.ਐਸ.ਆਈ. ਭੁਪਿੰਦਰ ਸਿੰਘ ਨੇ ਉਸ ਕੋਲੋਂ 10,000 ਰੁਪਏ ਰਿਸ਼ਵਤ ਮੰਗੀ ਕਿਉਂਕਿ ਏ.ਐਸ.ਆਈ. ਭੁਪਿੰਦਰ ਸਿੰਘ ਇਸ ਕੇਸ ਦਾ ਪੜਤਾਲੀਆ ਅਫ਼ਸਰ ਸੀ।



 ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਏ.ਐਸ.ਆਈ ਖ਼ਿਲਾਫ਼ ਵਿਜੀਲੈਂਸ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


 


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।