Gurpatwant Singh Pannu: ਵਿਕਾਸ ਯਾਦਵ ਜਿਸ ਨੂੰ ਐਫਬੀਆਈ ਵੱਲੋਂ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ 'ਲੋੜੀਂਦਾ' ਐਲਾਨ ਕੀਤਾ ਗਿਆ ਹੈ, ਨੂੰ ਦਸ ਮਹੀਨੇ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਤਲ ਦੀ ਕੋਸ਼ਿਸ਼ ਤੇ ਅਗਵਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਦਸੰਬਰ 2023 'ਚ ਦਰਜ ਹੋਏ ਇਸ ਮਾਮਲੇ 'ਚ ਵਿਕਾਸ ਦੇ ਨਾਲ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮਾਰਚ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ ਤੇ ਵਿਕਾਸ ਨੂੰ ਅਪ੍ਰੈਲ 2024 ਵਿੱਚ ਜ਼ਮਾਨਤ ਮਿਲ ਗਈ ਸੀ।


ਰੋਹਿਣੀ ਦੇ ਰਹਿਣ ਵਾਲੇ ਇੱਕ ਵਪਾਰੀ ਨੇ ਦਸੰਬਰ 2023 ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਜਾਣਕਾਰ ਨੇ ਇੱਕ ਮਹੀਨਾ ਪਹਿਲਾਂ ਨਵੰਬਰ 2023 ਵਿੱਚ ਵਿਕਾਸ ਯਾਦਵ ਨੂੰ ਉਸ ਨਾਲ ਮਿਲਾਇਆ ਸੀ ਤੇ ਕਿਹਾ ਸੀ ਕਿ ਉਹ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਹੈ। ਉਸ ਦੇ ਬਹੁਤ ਸਾਰੇ ਸੰਪਰਕ ਪੱਛਮੀ ਏਸ਼ੀਆ ਵਿੱਚ ਹਨ। ਕਾਰੋਬਾਰੀ ਨੇ ਪੁਲਿਸ ਨੂੰ ਦੱਸਿਆ ਕਿ ਦੋਵਾਂ ਨੇ ਇੱਕ-ਦੂਜੇ ਨਾਲ ਨੰਬਰ ਸਾਂਝੇ ਕੀਤੇ ਸਨ। ਦੋਹਾਂ ਵਿਚਕਾਰ ਚੰਗੀ ਦੋਸਤੀ ਬਣ ਗਈ। ਕਾਰੋਬਾਰੀ ਦੀ ਸ਼ਿਕਾਇਤ ਮੁਤਾਬਕ ਵਿਕਾਸ ਅਕਸਰ ਉਸ ਦੇ ਕੰਮ ਤੇ ਦੋਸਤਾਂ ਬਾਰੇ ਪੁੱਛਦਾ ਰਹਿੰਦਾ ਸੀ। ਉਸ ਅਨੁਸਾਰ ਵਿਕਾਸ ਨੇ ਉਸ ਨੂੰ ਇਹ ਵੀ ਦੱਸਿਆ ਸੀ ਕਿ ਉਹ ਅੰਡਰਕਵਰ ਏਜੰਟ ਦਾ ਕੰਮ ਕਰਦਾ ਹੈ ਪਰ ਕੰਮ ਅਤੇ ਦਫ਼ਤਰ ਦੀ ਜਾਣਕਾਰੀ ਕਦੇ ਸਾਂਝੀ ਨਹੀਂ ਕੀਤੀ ਗਈ। 



ਕਾਰੋਬਾਰੀ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ 11 ਦਸੰਬਰ ਨੂੰ ਵਿਕਾਸ ਨੇ ਉਸ ਨੂੰ ਫੋਨ ਕਰਕੇ ਕਿਸੇ ਮੁੱਦੇ ’ਤੇ ਗੱਲਬਾਤ ਕਰਨ ਲਈ ਕਿਹਾ ਅਤੇ ਲੋਧੀ ਰੋਡ ’ਤੇ ਆਉਣ ਲਈ ਕਿਹਾ। ਜਦੋਂ ਉਹ ਲੋਧੀ ਰੋਡ 'ਤੇ ਪਹੁੰਚਿਆ ਤਾਂ ਵਿਕਾਸ ਦੇ ਨਾਲ ਉਥੇ ਇਕ ਹੋਰ ਵਿਅਕਤੀ ਵੀ ਸੀ, ਜਿਸ ਤੋਂ ਬਾਅਦ ਉਹ ਕਾਰੋਬਾਰੀ ਨੂੰ ਜ਼ਬਰਦਸਤੀ ਅਗਵਾ ਕਰਕੇ ਡਿਫੈਂਸ ਕਾਲੋਨੀ ਦੇ ਫਲੈਟ ਵਿਚ ਲੈ ਗਏ ਤੇ ਉਥੇ ਵਿਕਾਸ ਨੇ ਉਸ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਉਸ ਨੂੰ ਖਤਮ ਕਰਨ ਦੀ ਸੁਪਾਰੀ ਦਿੱਤੀ ਹੈ।


ਇਸ ਤੋਂ ਬਾਅਦ ਵਿਕਾਸ ਦੇ ਸਾਥੀ ਨੇ ਵਪਾਰੀ ਦੇ ਸਿਰ 'ਤੇ ਸੱਟਾਂ ਮਾਰੀਆਂ, ਉਸ ਦੀ ਸੋਨੇ ਦੀ ਚੇਨ ਅਤੇ ਮੁੰਦਰੀਆਂ ਖੋਹ ਲਈਆਂ, ਫਿਰ ਕਾਰੋਬਾਰੀ ਦੇ ਨਾਲ ਇੱਕ ਕੈਫੇ 'ਚ ਜਾ ਕੇ ਜੋ ਵੀ ਨਕਦੀ ਸੀ, ਉਸ ਨੂੰ ਲੈ ਕੇ ਵਿਕਾਸ ਅਤੇ ਉਸ ਦੇ ਸਾਥੀ ਕਾਰੋਬਾਰੀ ਨੂੰ ਸੜਕ ਕਿਨਾਰੇ ਛੱਡ ਗਏ ਇਸ ਦੇ ਨਾਲ ਹੀ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਕਿਸੇ ਨੂੰ ਸ਼ਿਕਾਇਤ ਕੀਤੀ ਤਾਂ ਉਹ ਬਚੇਗਾ ਨਹੀਂ।  ਇਸ ਤੋਂ ਬਾਅਦ ਕਾਰੋਬਾਰੀ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ, ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਅਤੇ ਅਗਵਾ ਦੀਆਂ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਅਤੇ ਵਿਕਾਸ ਅਤੇ ਉਸਦੇ ਸਾਥੀ ਨੂੰ 18 ਦਸੰਬਰ ਨੂੰ ਗ੍ਰਿਫਤਾਰ ਕੀਤਾ।



ਪੁੱਛ-ਗਿੱਛ ਦੌਰਾਨ ਵਿਕਾਸ ਦੇ ਸਾਥੀ ਨੇ ਦੱਸਿਆ ਕਿ ਉਸ ਦਾ ਪੁਰਾਣੀਆਂ ਕਾਰਾਂ ਵੇਚਣ ਦਾ ਕਾਰੋਬਾਰ ਹੈ, ਜਿਸ ਵਿੱਚ ਉਸ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਉਹ ਵਿਕਾਸ ਨਾਲ ਮਿਲ ਕੇ ਸਾਜ਼ਿਸ਼ ਵਿਚ ਸ਼ਾਮਲ ਹੋ ਗਿਆ। ਜਦੋਂ ਕਿ ਵਿਕਾਸ ਨੇ ਦੱਸਿਆ ਕਿ ਉਸਦੇ ਪਿਤਾ ਬੀਐਸਐਫ ਵਿੱਚ ਸਨ, ਉਨ੍ਹਾਂ ਦੀ ਮੌਤ 2007 ਵਿੱਚ ਹੋਈ ਸੀ। ਵਿਕਾਸ ਨੇ ਸਿਰਫ ਇੰਨਾ ਹੀ ਕਿਹਾ ਕਿ ਜਿਸ ਦਿਨ ਉਹ ਬਿਜ਼ਨੈੱਸਮੈਨ ਨੂੰ ਮਿਲਿਆ, ਉਸ ਨੇ ਇਸ ਜ਼ਰੀਏ ਪੈਸੇ ਕਮਾਉਣ ਦੀ ਯੋਜਨਾ ਬਣਾਈ ਸੀ। ਦਿੱਲੀ ਪੁਲਿਸ ਨੇ ਮਾਰਚ ਮਹੀਨੇ ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ ਤੇ ਵਿਕਾਸ ਨੂੰ ਅਪ੍ਰੈਲ ਵਿੱਚ ਜ਼ਮਾਨਤ ਮਿਲ ਗਈ ਸੀ। ਹਾਲਾਂਕਿ ਵਿਕਾਸ ਨੂੰ 22 ਮਾਰਚ ਨੂੰ ਹੀ ਅੰਤਰਿਮ ਜ਼ਮਾਨਤ ਮਿਲ ਗਈ ਸੀ, ਪਰ ਉਸ ਨੂੰ ਅਪ੍ਰੈਲ ਵਿਚ ਨਿਯਮਤ ਜ਼ਮਾਨਤ ਮਿਲ ਗਈ ਸੀ।