ਮਹਿਤਾਬ-ਉਦ-ਦੀਨ
ਚੰਡੀਗੜ੍ਹ: ‘ਜੰਗਲ਼ ਦੇ ਰਾਜ’ ਵਿੱਚ ਨਿੱਕੇ ਜਾਨਵਰਾਂ ਨੂੰ ਵੱਡੇ ਤੇ ਖੂੰਖਾਰ ਜਾਨਵਰਾਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਓਹੜ-ਪੋਹੜ ਕਰਨੇ ਪੈਂਦੇ ਹਨ। ਸੋਸ਼ਲ ਮੀਡੀਆ ਉੱਪਰ ਅਪਲੋਡ ਹੋਈ ਇੱਕ ਵੀਡੀਓ ਨੂੰ ਵੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਜੰਗਲ਼ ਦੇ ਹਿਰਨਾਂ ਨੂੰ ਅੱਜਕੱਲ੍ਹ ਆਪਣਾ ਬਚਾਅ ਕਰਨ ਲਈ ਐਕਟਿੰਗ ਕਰਨੀ ਪੈਂਦੀ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ ਨੂੰ ਵਾਰ-ਵਾਰ ਵੇਖ ਰਹੇ ਹਨ। ਪਿਛਲੇ 20 ਘੰਟਿਆਂ ’ਚ ਇਸ ਨੂੰ ਸਾਢੇ ਤਿੰਨ ਲੱਖ ਲੋਕ ਵੇਖ ਚੁੱਕੇ ਹਨ ਤੇ ਇਸ ਨੂੰ 17 ਹਜ਼ਾਰ ਦੇ ਲਗਪਗ ਲਾਈਕਸ ਮਿਲ ਚੁੱਕੇ ਹਨ।



 

 

ਇਸ ਵਾਇਰਲ ਵੀਡੀਓ ’ਚ ਹਿਰਨ ਇੱਕ ਚੀਤੇ ਅਤੇ ਲਕੜਬੱਘੇ ਦੋਵਾਂ ਨੂੰ ਹੀ ‘ਮੂਰਖ’ ਬਣਾ ਕੇ ਤਿੱਤਰ ਹੋ ਜਾਂਦਾ ਹੈ। ਆਮ ਲੋਕ ਇਸ ਹਿਰਨ ਨੂੰ ਹੁਣ ‘ਉਸਤਾਦ’ ਅਤੇ ‘ਆਸਕਰ ਪੁਰਸਕਾਰ ਦੇ ਯੋਗ’ ਮੰਨ ਰਹੇ ਹਨ। ਮਾਹਿਰਾਂ ਅਨੁਸਾਰ ਇਹ ਵੀਡੀਓ ਕਲਿੱਪ ਕੁਝ ਪੁਰਾਣਾ ਹੈ ਪਰ ਹੁਣ ਇਹ ਟਵਿਟਰ ਉੱਤੇ ਦੋਬਾਰਾ ਵਾਇਰਲ ਹੋਇਆ ਹੈ। ਜੰਗਲ਼ ਦੇ ਜਾਨਵਰਾਂ ਨੂੰ ਆਪਣੇ ਬਚਾਅ ਲਈ ਕਿਵੇਂ ਨਿੱਤ ਨਵੇਂ-ਨਵੇਂ ਹੁਨਰ ਅਪਨਾਉਣੇ ਪੈਂਦੇ ਹਨ।

 

32 ਸੈਕੰਡਾਂ ਦੇ ਕਲਿੱਪ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਹਿਰਨ ਜ਼ਮੀਨ ਉੱਤੇ ਬਿਲਕੁਲ ਚਿੱਤ ਪਿਆ ਹੈ ਤੇ ਇੰਝ ਜਾਪਦਾ ਹੈ ਕਿ ਉਹ ਮਰ ਚੁੱਕਾ ਹੈ। ਚੀਤਾ ਉਸ ਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਮਰਿਆ ਵੇਖ ਕੇ ਉਸ ਦਾ ਮੂਡ ਖ਼ਰਾਬ ਹੋ ਜਾਂਦਾ ਹੈ ਤੇ ਇੰਨੇ ਨੂੰ ਇੱਕ ਲੱਕੜਬੱਘਾ ਉੱਥੇ ਆ ਕੇ ਸ਼ਿਕਾਰ ਉੱਤੇ ਕਬਜ਼ਾ ਕਰ ਲੈਂਦਾ ਹੈ। ਚੀਤਾ ਉੱਥੋਂ ਇੱਕ ਪਾਸੇ ਚਲਾ ਜਾਂਦਾ ਹੈ।

 

ਫਿਰ ਲੱਕੜਬੱਘਾ ਹਿਰਨ ਦੇ ਢਿੱਡ ਉੱਤੇ ਦੰਦ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਜਦੋਂ ਉਸ ਦੀ ਨਜ਼ਰ ਹਾਲੇ ਲਾਗੇ ਖੜ੍ਹੇ ਚੀਤੇ ’ਤੇ ਪੈਂਦੀ ਹੈ, ਤਾਂ ਉਹ ਉਸ ਨੂੰ ਭਜਾਉਣ ਲਈ ਚਲਾ ਜਾਂਦਾ ਹੈ ਪਰ ਜਿਵੇਂ ਹੀ ਪਰਤਦਾ ਹੈ, ਤਾਂ ਹਿਰਨ ਇੰਨੇ ਨੂੰ ਮੌਕਾ ਤਾੜ ਕੇ ਉਸ ਦੀਆਂ ਅੱਖਾਂ ਸਾਹਮਣੇ ਨੌਂ-ਦੋ-ਗਿਆਰਾਂ ਹੋ ਜਾਂਦਾ ਹੈ।