ਨਵੀਂ ਦਿੱਲੀ: ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਨੂੰ ਪੱਛਮੀ ਬੰਗਾਲ ਵਿੱਚ ਸਪੱਸ਼ਟ ਬਹੁਮਤ ਮਿਲਦਾ ਪ੍ਰਤੀਤ ਹੋਰ ਰਿਹਾ ਹੈ। ਇਸ ਦੌਰਾਨ ਸ਼ਾਮ 5:30 ਵਜੇ ਦੇ ਕਰੀਬ ਹੁਗਲੀ ਦੇ ਆਰਾਮਬਾਗ ਸਥਿਤ ਭਾਜਪਾ ਦਫ਼ਤਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਜੇਪੀ ਦਾ ਦੋਸ਼ ਹੈ ਕਿ ਇਹ ਅੱਗ ਟੀਐਮਸੀ ਦੇ ਸਮਰਥਕਾਂ ਦੁਆਰਾ ਲਗਾਈ ਗਈ ਹੈ। ਇਸ ਦੇ ਨਾਲ ਹੀ ਟੀਐਮਸੀ ਨੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਭਾਜਪਾ ਨੇਤਾ ਅਮਿਤ ਮਾਲਵੀਆ ਨੇ ਟਵਿੱਟਰ 'ਤੇ ਅੱਗ ਦੀ ਵੀਡੀਓ ਸਾਂਝੀ ਕਰਦਿਆਂ ਟੀਐਮਸੀ 'ਤੇ ਨਿਸ਼ਾਨਾ ਸਾਧਿਆ ਹੈ।
ਬੀਜੇਪੀ ਨੇਤਾ ਅਮਿਤ ਮਾਲਵੀਆ ਨੇ ਹੂਗਲੀ ਵਿੱਚ ਲੱਗੀ ਅੱਗ ਦੀ ਵੀਡੀਓ ਟਵਿੱਟਰ 'ਤੇ ਸਾਂਝੀ ਕੀਤੀ ਹੈ। 22 ਸੈਕਿੰਡ ਦੇ ਇਸ ਵੀਡੀਓ 'ਚ ਭਾਜਪਾ ਦਫ਼ਤਰ 'ਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ, 'ਟੀਐਮਸੀ ਦੇ ਗੁੰਡਿਆਂ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੇ ਨਤੀਜਿਆਂ ਤੋਂ ਬਾਅਦ ਆਰਾਮਬਾਗ ਵਿੱਚ ਭਾਜਪਾ ਦੇ ਪਾਰਟੀ ਦਫ਼ਤਰ ਨੂੰ ਸਾੜ ਦਿੱਤਾ। ਕੀ ਅਗਲੇ 5 ਸਾਲਾਂ ਲਈ ਬੰਗਾਲ ਨੂੰ ਇਸ ਸਥਿਤੀ ਵਿੱਚੋਂ ਲੰਘਣਾ ਪਏਗਾ?
ਬੰਗਾਲ ਵਿੱਚ ਵੀ ਚੋਣਾਂ ਦੌਰਾਨ ਕਈ ਥਾਵਾਂ 'ਤੇ ਹਿੰਸਾ ਹੋਈ। ਇਸ 'ਚ ਕੁਝ ਲੋਕਾਂ ਦੀ ਮੌਤ ਵੀ ਹੋਈ। ਬੰਗਾਲ ਵਿੱਚ ਟੀਐਮਸੀ ਅਤੇ ਭਾਜਪਾ ਵਰਕਰਾਂ ਦਰਮਿਆਨ ਹਿੰਸਕ ਝੜਪਾਂ ਕਈ ਵਾਰ ਵੇਖੀਆਂ ਗਈਆਂ। ਅਕਸਰ ਹੀ ਭਾਜਪਾ ਅਤੇ ਟੀਐਮਸੀ ਦਰਮਿਆਨ ਇੱਕ ਦੂਜੇ ਖਿਲਾਫ ਹਿੰਸਾ ਦੇ ਦੋਸ਼ ਲੱਗਦੇ ਰਹੇ ਹਨ।