BJP Nabanna Abhiyan: ਬੀਜੇਪੀ ਨੇ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦੇ ਖ਼ਿਲਾਫ਼ ਮੰਗਲਵਾਰ ਨੂੰ  ਮੋਰਚਾ ਖੋਲ੍ਹ ਦਿੱਤਾ ਹੈ। ਸਕੱਤਰੇਤ ਦਾ ਘਿਰਾਓ ਕਰਨ ਆਏ ਵਿਰੋਧੀ ਧਿਰ ਦੇ ਆਗੂ ਸ਼ੁਬੇਂਦੂ ਅਧਿਕਾਰੀ ਅਤੇ ਲਾਕੇਟ ਚੈਟਰਜੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਹਾਵੜਾ 'ਚ ਸਮਰਥਕਾਂ ਅਤੇ ਪੁਲਸ ਵਿਚਾਲੇ ਹਿੰਸਕ ਝੜਪਾਂ ਹੋਈਆਂ। ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਵਾਛੜਾਂ ਤੋਂ ਇਲਾਵਾ ਅੱਥਰੂ ਗੈਸ ਦੇ ਗੋਲ਼ੇ ਤੱਕ ਸੁੱਟੇ ਗਏ। ਬੰਗਾਲ 'ਚ ਨਬੰਨਾ ਚਲੋ ਮੁਹਿੰਮ ਤਹਿਤ ਪ੍ਰਦਰਸ਼ਨ ਹੋ ਰਹੇ ਹਨ।


ਇਸ ਤੋਂ ਪਹਿਲਾਂ ਪੁਲਿਸ ਨੇ ਪੱਛਮੀ ਬਰਦਵਾਨ ਜ਼ਿਲ੍ਹੇ ਦੇ ਪਾਨਾਗੜ੍ਹ ਰੇਲਵੇ ਸਟੇਸ਼ਨ ਤੋਂ ਭਾਜਪਾ ਦੇ ਚਾਰ ਵਰਕਰਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਬੰਗਾਲ ਭਾਜਪਾ ਦੇ ਨਬੰਨਾ ਸਕੱਤਰੇਤ ਵੱਲ ਮਾਰਚ ਕਰਨ ਜਾ ਰਹੇ ਸਨ। ਇਸ ਦੌਰਾਨ ਝੜਪ ਦੀ ਖ਼ਬਰ ਆ ਰਹੀ ਹੈ। ਪੁਲਿਸ ਨੇ ਪਾਰਟੀ ਦੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਬੋਲਪੁਰ ਰੇਲਵੇ ਸਟੇਸ਼ਨ 'ਤੇ ਭਾਜਪਾ ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ। ਇੱਥੇ ਵੀ ਪੁਲੀਸ ਨੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਭਾਜਪਾ ਵਰਕਰਾਂ ਨੂੰ ਨਬੰਨਾ ਚਲੋ ਮੁਹਿੰਮ ਵਿੱਚ ਹਿੱਸਾ ਲੈਣ ਲਈ ਕੋਲਕਾਤਾ ਜਾਣ ਤੋਂ ਰੋਕ ਰਹੀ ਹੈ। ਦੱਸ ਦੇਈਏ ਕਿ ਪੁਲਿਸ ਨੇ ਭਾਜਪਾ ਦੇ ਨਬੰਨਾ ਚਲੋ ਮੁਹਿੰਮ ਦੀ ਇਜਾਜ਼ਤ ਨਹੀਂ ਦਿੱਤੀ ਸੀ।


ਪੁਲਿਸ ਨੇ ਰੇਲਵੇ ਸਟੇਸ਼ਨਾਂ 'ਤੇ ਲਾ ਦਿੱਤੇ ਬੈਰੀਕੇਡ 


ਭਾਜਪਾ ਦੇ ਨਬੰਨਾ ਮਾਰਚ ਵਿੱਚ ਸ਼ਾਮਲ ਹੋਣ ਲਈ ਭਾਜਪਾ ਵਰਕਰ ਰੇਲ ਗੱਡੀਆਂ ਰਾਹੀਂ ਕੋਲਕਾਤਾ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਰੇਲਵੇ ਸਟੇਸ਼ਨਾਂ 'ਤੇ ਬੈਰੀਕੇਡ ਲਗਾ ਦਿੱਤੇ ਹਨ। ਇੱਥੇ ਭਾਜਪਾ ਨੇਤਾ ਅਭਿਜੀਤ ਦੱਤਾ ਨੇ ਕਿਹਾ, “ਸਾਡੇ 20 ਵਰਕਰਾਂ ਨੂੰ ਪੁਲਿਸ ਨੇ ਦੁਰਗਾਪੁਰ ਰੇਲਵੇ ਸਟੇਸ਼ਨ ਨੇੜੇ ਰੋਕ ਲਿਆ। ਮੈਂ ਹੋਰ ਰਸਤਿਆਂ ਰਾਹੀਂ ਇੱਥੇ ਪਹੁੰਚਿਆ ਹਾਂ।"


ਅਵਾਜਾਈ 'ਤੇ ਲਾਈਆਂ ਗਈਆਂ ਰੋਕਾਂ


ਇਸ ਦੌਰਾਨ ਪੁਲਿਸ ਨੇ ਕਿਹਾ ਕਿ ਭਾਜਪਾ ਦੇ 'ਨਬੰਨਾ ਅਭਿਆਨ' ਦੇ ਮੱਦੇਨਜ਼ਰ ਸ਼ਹਿਰ ਦੇ ਕਈ ਮੁੱਖ ਹਿੱਸਿਆਂ ਵਿੱਚ ਆਵਾਜਾਈ ਪਾਬੰਦੀਆਂ ਲਗਾਈਆਂ ਗਈਆਂ ਹਨ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੂਜੇ ਹੁਗਲੀ ਪੁਲ਼ 'ਤੇ ਵੀ ਬੈਰੀਕੇਡ ਲਗਾਏ ਗਏ ਹਨ, ਜੋ ਕਿ ਮਹਾਨਗਰ ਨੂੰ ਨਬੰਨਾ ਨਾਲ ਜੋੜਦਾ ਹੈ।


ਘੋਸ਼ ਨੇ ਸ਼ਾਂਤਮਈ ਮਾਰਚ ਦਾ ਦਿੱਤਾ ਸੱਦਾ 


ਦਲੀਪ ਘੋਸ਼ ਨੇ ਕਿਹਾ, "ਟੀਐੱਮਸੀ ਸਰਕਾਰ ਜਨਤਕ ਬਗ਼ਾਵਤ ਤੋਂ ਡਰੀ ਹੋਈ ਹੈ। ਜੇਕਰ ਉਨ੍ਹਾਂ ਨੇ ਸਾਡੇ ਰੋਸ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵੀ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ। ਕਿਸੇ ਵੀ ਅਣਸੁਖਾਵੀਂ ਘਟਨਾ ਲਈ ਸੂਬਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।"