ਨੋਇਡਾ: ਗੌਤਮਬੁੱਧ ਨਗਰ 'ਚ ਪੁਲਿਸ ਕਮਿਸ਼ਨਰ ਸਿਸਟਮ ਲਾਗੂ ਕੀਤੇ ਜਾਣ ਤੋਂ ਬਾਅਦ ਵਰਿੰਦਾ ਸ਼ੁਕਲਾ ਨੂੰ ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) ਬਣਾਇਆ ਗਿਆ ਹੈ। ਜਦੋਂਕਿ ਉਸ ਦਾ ਪਤੀ ਅੰਕੁਰ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਐਡੀਸ਼ਨਲ ਡੀਸੀਪੀ) ਸੀ। ਨੋਇਡਾ ਆਉਣ ਤੋਂ ਪਹਿਲਾਂ, ਵਰਿੰਦਾ ਪੁਲਿਸ ਹੈੱਡਕੁਆਟਰ, ਲਖਨਉ ਵਿੱਚ ਤਾਇਨਾਤ ਸੀ। ਜਦੋਂਕਿ ਅੰਕੁਰ ਮਥੁਰਾ 'ਚ ਏਐਸਪੀ ਦੀ ਭੂਮਿਕਾ ਨਿਭਾਅ ਰਿਹਾ ਸੀ। ਇੱਕ ਮਹੀਨਾ ਪਹਿਲਾਂ ਅੰਕੁਰ ਨੂੰ ਨੋਇਡਾ ਦੇ ਐਸਪੀ ਸਿਟੀ ਵਜੋਂ ਭੇਜਿਆ ਗਿਆ ਸੀ।


ਦਿਲਚਸਪ ਗੱਲ ਇਹ ਹੈ ਕਿ ਆਈਪੀਐਸ ਜੋੜਾ ਬਚਪਨ ਦੇ ਦੋਸਤ ਰਹੇ ਹਨ ਤੇ ਉਸੇ ਜਗ੍ਹਾ ਦੇ ਵਸਨੀਕ ਹਨ। ਅੰਬਾਲਾ ਦੇ ਵਰਿੰਦਾ ਸ਼ੁਕਲਾ ਤੇ ਅੰਕੁਰ ਅਗਰਵਾਲ ਇਕੱਠੇ ਖੇਡੇ ਤੇ ਵੱਡੇ ਹੋਏ। ਦੋਵਾਂ ਨੇ 10ਵੀਂ ਤੱਕ ਅੰਬਾਲਾ ਕਾਨਵੈਂਟ ਜੀਸਸ ਤੇ ਮੈਰੀ ਸਕੂਲ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਦੋਵੇਂ ਪੜ੍ਹਾਈ ਲਈ ਵੱਖ-ਵੱਖ ਥਾਵਾਂ ‘ਤੇ ਗਏ।

ਅਮਰੀਕਾ ‘ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਵਰਿੰਦਾ ਸ਼ੁਕਲਾ ਨੇ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਅੰਕੁਰ ਨੂੰ ਭਾਰਤ ਤੋਂ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਨੌਕਰੀ ਮਿਲੀ ਤੇ ਉਸ ਤੋਂ ਬਾਅਦ ਅਮਰੀਕਾ ਚਲਾ ਗਿਆ। ਦੋਵਾਂ ਨੇ ਉਥੇ ਆਪਣੀ ਨੌਕਰੀ ਦੌਰਾਨ ਸਿਵਲ ਸੇਵਾ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਸਾਲ 2014 ‘ਚ ਵਰਿੰਦਾ ਨੇ ਆਪਣੀ ਦੂਜੀ ਕੋਸ਼ਿਸ਼ ‘ਚ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕੀਤੀ। ਜਦੋਂਕਿ 2016 ਵਿੱਚ ਅੰਕੁਰ ਨੂੰ ਪਹਿਲੀ ਪ੍ਰੀਖਿਆ ਵਿੱਚ ਸਿਵਲ ਸੇਵਾ ਲਈ ਚੁਣਿਆ ਗਿਆ ਸੀ। 9 ਫਰਵਰੀ 2019 ਨੂੰ, ਦੋਹਾਂ ਨੇ ਪਿਆਰ ਨੂੰ ਵਿਆਹ ‘ਚ ਤਬਦੀਲ ਕਰਨ ਦਾ ਫੈਸਲਾ ਕੀਤਾ।