ਪਟਿਆਲਾ: ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਵਿੱਚ ਡੈਫ ਡੇ ਵੀਕ 'ਚ ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਸ਼ਿਰਕਤ ਕਰਨ ਲਈ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਸਾਈਨ ਲੈਂਗਵੇਜ ਨੂੰ ਪ੍ਰਫੁੱਲਿਤ ਕਰਨ ਵਾਸਤੇ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਬੱਚਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ।
ਇਸ ਪ੍ਰੋਗਰਾਮ 'ਚ ਪਹੁੰਚ ਕੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋਈ ਹੈ। ਇਸ ਦੌਰਾਨ ਜਦੋਂ ਮਨੀਸ਼ਾ ਗੁਲਾਟੀ ਨੂੰ ਪੱਤਰਕਾਰਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ 'ਤੇ ਸਵਾਲ ਪੁੱਛਿਆ ਕਿ ਉਨ੍ਹਾਂ 'ਤੇ ਪਿਛਲੇ ਸਮੇਂ ਦੌਰਾਨ ਮਹਿਲਾ ਕਮਿਸ਼ਨ 'ਚ ਸ਼ਿਕਾਇਤ ਦਰਜ ਹੋਈ ਸੀ।
ਇਸ ਬਾਰੇ ਮਨੀਸ਼ਾ ਗੁਲਾਟੀ ਨੇ ਕਿਹਾ ਸੀ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਭੁੱਖ ਹੜਤਾਲ 'ਤੇ ਬੈਠਣਗੇ। ਤਾਂ ਮਨੀਸ਼ਾ ਗੁਲਾਟੀ ਨੇ ਮੀਡੀਆ ਵੱਲ ਪਿੱਠ ਕਰਦੇ ਹੋਏ ਕਿਹਾ ਕਿ ਅਜਿਹੇ ਸਵਾਲ ਨਾ ਪੁੱਛਿਆ ਕਰੋ। ਸਾਫ਼ ਤੌਰ ਤੇ ਮਨੀਸ਼ਾ ਗੁਲਾਟੀ ਮੀਡੀਆ ਤੋਂ ਭੱਜਦੀ ਹੋਈ ਨਜ਼ਰ ਆਈ।
ਦਸ ਦਈਏ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਕਾਂਗਰਸੀ ਲੀਡਰ ਰਾਹੁਲ ਗਾਂਧੀ ਦੇ ਪੈਰ ਛੂਹਣ ਦੇ ਕਥਿਤ ਤੌਰ 'ਤੇ ਵੀਡੀਓ ਵਾਇਰਲ ਹੋ ਰਹੀ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਵਿਰੋਧੀ ਪਾਰਟੀਆਂ ਦੇ ਤਿੱਖੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।
ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਵੀਡੀਓ ਨੇ ਕਾਂਗਰਸ ਦੇ ਸੱਭਿਆਚਾਰ ਦਾ ਪਰਦਾਫਾਸ਼ ਕੀਤਾ ਹੈ। ਸੋਮਵਾਰ ਨੂੰ, ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਨਵੀਂ ਸ਼ੁਰੂਆਤ ਲਈ ਪੰਜਾਬ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ, ਕਾਂਗਰਸ ਦੇ ਸਾਬਕਾ ਮੁਖੀ ਨੇ ਚੰਡੀਗੜ੍ਹ ਦੇ ਪੰਜਾਬ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ।