ਬਠਿੰਡਾ: ਅਪਰਾਧ ਜਗਤ ਛੱਡ ਕੇ ਮੁੱਖ ਧਾਰਾ ਵਿੱਚ ਪਰਤੇ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦੇ ਕਤਲ 'ਤੇ ਕਈ ਸਵਾਲ ਖੜ੍ਹੇ ਹੋਏ ਹਨ। ਕੁਲਬੀਰ ਨਰੂਆਣਾ ਦਾ ਕਤਲ ਉਸ ਦੇ ਸਾਥੀ ਰਹੇ ਮਨਪ੍ਰੀਤ ਮੰਨਾ ਨੇ ਹੀ ਧੋਖੇ ਨਾਲ ਕੀਤਾ ਹੈ। ਹੁਣ ਸਵਾਲ ਉੱਠ ਰਹੇ ਹਨ ਕਿ ਆਖਰ ਮੰਨਾ ਨੇ ਅਜਿਹਾ ਕਿਉਂ ਕੀਤਾ।



ਸੂਤਰਾਂ ਦੇ ਕਹਿਣਾ ਹੈ ਕਿ ਮਨਪ੍ਰੀਤ ਮੰਨਾ ਕਰੀਬ ਡੇਢ ਦਹਾਕੇ ਤੋਂ ਕੁਲਬੀਰ ਦਾ ਕਰੀਬੀ ਸੀ। ਮੰਨਾ ਦੀ ਨਰੂਆਣਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਸ ਲਈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰ ਮੰਨਾ ਵਿਰੋਧੀ ਗੈਂਗਸਟਰ ਖੇਮੇ ਨਾਲ ਮਿਲ ਚੁੱਕਾ ਸੀ। ਉਸ ਨੇ ਨਰੂਆਣਾ ਦੇ ਦੁਸ਼ਮਣਾਂ ਦੇ ਕਹਿਣ ਉੱਪਰ ਹੀ ਅਜਿਹਾ ਕੀਤਾ ਹੈ।

ਦੱਸ ਦਈਏ ਕਿ 21 ਜੂਨ ਨੂੰ ਵੀ ਨਰੂਆਣਾ ਉੱਪਰ ਹਮਲਾ ਹੋਇਆ ਸੀ। ਉਸ ਹਮਲੇ ਸਬੰਧੀ ਵੀ ਪੁਲਿਸ ਦੇ ‘ਸ਼ੱਕ’ ਦੀ ਸੂਈ ਮੰਨਾ ’ਤੇ ਸੀ ਪਰ ਮੰਨਾ ਨੂੰ ਆਪਣਾ ਅਤਿ-ਕਰੀਬੀ ਦੱਸਦਿਆਂ ਕੁਲਬੀਰ ਨੇ ਪੁਲਿਸ ਨੂੰ ਪੁੱਛ-ਪੜਤਾਲ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਵੀ ਚਰਚਾ ਹੈ ਕਿ ਗੈਂਗਸਟਰ ਜਗਤ ਤੋਂ ਕੁਲਬੀਰ ਨੇ ਭਾਵੇਂ ਮੂੰਹ ਮੋੜ ਲਿਆ ਸੀ ਪਰ ਗੈਂਗਸਟਰ ਗਰੁੱਪ ਅਜੇ ਵੀ ਉਸ ਦਾ ਪਿੱਛਾ ਨਹੀਂ ਛੱਡ ਰਹੇ ਸਨ।

ਕਿਵੇਂ ਮਾਰਿਆ ਕੁਲਬੀਰ ਨਰੂਆਣਾ
ਨਰੂਆਣਾ ਪਿੰਡ ’ਚ ਕੁਲਬੀਰ ਦਾ 7 ਜੁਲਾਈ ਨੂੰ ਕਤਲ ਕਰ ਦਿੱਤਾ। ਹਮਲਾਵਰ ਨੇ ਕੁਲਬੀਰ ਦੇ ਇੱਕ ਹੋਰ ਸਾਥੀ ਚਮਕੌਰ ਸਿੰਘ ਨੂੰ ਵੀ ਵਿਰੋਧ ਕਰਨ ’ਤੇ ਆਪਣੀ ਗੱਡੀ ਹੇਠ ਦੇ ਦਿੱਤਾ ਤੇ ਉਸ ਦੀ ਮੌਤ ਹੋ ਗਈ। ਕੁਲਬੀਰ ਦੇ ਇੱਕ ਹੋਰ ਸਾਥੀ ਨੇ ਵਾਰਦਾਤ ਮਗਰੋਂ ਕਾਰ ’ਚ ਫ਼ਰਾਰ ਹੋ ਰਹੇ ਹਮਲਾਵਰ ’ਤੇ ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ ਇੱਕ ਗੋਲੀ ਉਸ ਦੇ ਲੱਗ ਗਈ। ਬਾਅਦ ਵਿੱਚ ਪੁਲੀਸ ਨੇ ਮੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਕੁਲਬੀਰ ਦਾ ਗੰਨਮੈਨ ਰਿਹਾ ਤਲਵੰਡੀ ਸਾਬੋ ਦਾ ਵਸਨੀਕ ਮਨਪ੍ਰੀਤ ਸਿੰਘ ਮੰਨਾ ਅਪਰਾਧ ਜਗਤ ਨੂੰ ਛੱਡ ਚੁੱਕੇ ਕੁਲਬੀਰ ਨੂੰ ਮਿਲਣ ਉਸ ਦੇ ਘਰ ਆਇਆ। ਚਾਹ ਬਣਨ ਤੱਕ ਦੋਵੇਂ ਜਣੇ ਕਾਰ ਵਿੱਚ ਬੈਠ ਗਏ। ਮੰਨਾ ਨੇ ਕੁਲਬੀਰ ਦੀ ਛਾਤੀ ’ਚ ਗੋਲੀਆਂ ਵੀ ਕਾਰ ਦੇ ਅੰਦਰ ਹੀ ਦਾਗੀਆਂ।

ਕੁਲਬੀਰ ਨਰੂਆਣਾ ’ਤੇ ਕਰੀਬ ਸਵਾ ਦਰਜਨ ਅਪਰਾਧਕ ਮਾਮਲੇ ਦਰਜ ਹਨ ਤੇ ਉਹ ਕਾਫ਼ੀ ਦੇਰ ਤੋਂ ਅਪਰਾਧ ਦੀ ਦੁਨੀਆ ਤੋਂ ਵੱਖ ਆਮ ਵਾਂਗ ਜੀਵਨ ਬਤੀਤ ਕਰ ਰਿਹਾ ਸੀ। ਲੰਘੀ 21 ਜੂਨ ਦੇਰ ਰਾਤ ਨੂੰ ਜਦੋਂ ਉਹ ਬਠਿੰਡਾ ਤੋਂ ਆਪਣੇ ਪਿੰਡ ਪਰਤ ਰਿਹਾ ਸੀ ਤਾਂ ਉਸ ਦੀ ਬੁਲੇਟ ਪਰੂਫ਼ ਗੱਡੀ ਉੱਪਰ ਬਠਿੰਡਾ ਦੀ ਰਿੰਗ ਰੋਡ ’ਤੇ ਫ਼ਾਇਰਿੰਗ ਹੋਈ ਸੀ।