ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਠੰਢ ਦੇ ਮੌਸਮ 'ਚ ਚੋਣਾਂ ਦੀ ਗਰਮੀ ਵਧ ਗਈ ਹੈ। ਇਨ੍ਹਾਂ ਚੋਣਾਂ 'ਚ ਹੁਣ ਸੀਏਏ ਖਿਲਾਫ ਸ਼ਾਹੀਨ ਬਾਗ ਦਾ ਪ੍ਰਦਰਸ਼ਨ ਵੱਡਾ ਮੁੱਦਾ ਬਣ ਗਿਆ ਹੈ। ਬੀਜੇਪੀ ਨੇਤਾ ਲਗਾਤਾਰ ਸ਼ਾਹੀਨ ਬਾਗ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ। ਹੁਣ ਪੱਛਮੀ ਦਿੱਲੀ ਤੋਂ ਬੀਜੇਪੀ ਸੰਸਦ ਪ੍ਰਵੇਸ਼ ਵਰਮਾ ਨੇ ਅਜਿਹਾ ਬਿਆਨ ਦਿੱਤਾ ਹੈ ਜਿਸ 'ਤੇ ਬਵਾਲ ਹੋ ਗਿਆ।


ਪ੍ਰਵੇਸ਼ ਵਰਮਾ ਨੇ ਕਿਹਾ, "ਲੱਖਾਂ ਲੋਕ ਉੱਥੇ (ਸ਼ਾਹੀਨ ਬਾਗ) ਇਕੱਠਾ ਹੁੰਦੇ ਹਨ। ਦਿੱਲੀ ਦੇ ਲੋਕਾਂ ਨੂੰ ਸੋਚ-ਸਮਝ ਕੇ ਫੈਸਲਾ ਲੈਣਾ ਹੋਵੇਗਾ। ਉਹ ਤੁਹਾਡੇ ਘਰਾਂ 'ਚ ਵੜ ਕੇ, ਤੁਹਾਡੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨਗੇ, ਉਨ੍ਹਾਂ ਨੂੰ ਮਾਰਨਗੇ। ਅੱਜ ਸਮਾਂ ਹੈ ਮੋਦੀ ਜੀ ਤੇ ਅਮਿਤ ਸ਼ਾਹ ਕੱਲ੍ਹ ਤੁਹਾਨੂੰ ਬਚਾਉਣ ਨਹੀਂ ਆਉਣਗੇ"


ਇੰਨਾ ਹੀ ਨਹੀਂ ਪ੍ਰਵੇਸ਼ ਵਰਮਾ ਨੇ ਕਿਹਾ, "ਜੇਕਰ ਬੀਜੇਪੀ ਦਿੱਲੀ ਦੀ ਸੱਤਾ 'ਚ ਆਈ ਤਾਂ ਘੰਟੇ 'ਚ ਸ਼ਾਹੀਨ ਬਾਗ ਖਾਲੀ ਕਰਵਾ ਦਿਆਂਗੇ"। ਉਨ੍ਹਾਂ ਨੇ ਕਿਹਾ, "ਕਸ਼ਮੀਰ, ਯੂਪੀ, ਹੈਦਰਾਬਾਦ 'ਚ ਲੱਗੀ ਅੱਗ ਜਲਦੀ ਹੀ ਦਿੱਲੀ ਦੇ ਲੋਕਾਂ ਦੇ ਘਰ 'ਚ ਦਸਤਕ ਦੇ ਸਕਦੀ ਹੈ"। ਇਸ ਦੇ ਨਾਲ ਹੀ ਵਰਮਾ ਨੇ ਕਿਹਾ ਕਿ ਮੈਂ ਆਪਣਾ ਬਿਆਨ ਵਾਪਸ ਨਹੀਂ ਲਵਾਂਗਾ, ਮੈਂ ਜੋ ਕਿਹਾ ਸੱਚ ਕਿਹਾ ਹੈ।