ਚੰਡੀਗੜ੍ਹ: ਪੰਜਾਬ 'ਚ ਇਸ ਸਾਲ ਪਰਾਲੀ ਸਾੜਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ਸਾਰਥਕ ਕਦਮਾਂ ਸਦਕਾ ਪੰਜਾਬ 'ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 5 ਫੀਸਦੀ ਤੋਂ ਵੀ ਜ਼ਿਆਦਾ ਕਮੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਰ 'ਚ ਹੋਰ ਜ਼ਿਆਦਾ ਕਮੀ ਲਿਆਉਣ ਲਈ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਪੰਜਾਬ 'ਚ ਹੁਣ ਤੱਕ 137.89 ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜੋ ਕਿ ਪਿਛਲੇ ਸਾਲ ਨਾਲੋਂ 33 ਫੀਸਦੀ ਜ਼ਿਆਦਾ ਹੈ।
ਪਰਾਲੀ ਸਾੜਨ ਦੀ ਸਮੱਸਿਆ ਬਾਬਤ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਇਸ ਮਸਲੇ ਨੂੰ ਹੋਰ ਗੰਭੀਰਤਾ ਨਾਲ ਲੈਣ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਪਰਾਲੀ ਸਾੜਨ ਦੀਆਂ ਘਟਨਾਵਾਂ ਘੱਟ ਦਰਜ ਕੀਤੀਆਂ ਗਈਆਂ ਹਨ। ਪਿਛਲੇ ਸਾਲ ਨਾਲੋਂ ਇਸ ਸਾਲ ਇਕ ਦਿਨ 'ਚ ਹੀ ਪਰਾਲੀ ਸਾੜਨ ਦੇ 336 ਮਾਮਲੇ ਘੱਟ ਸਾਹਮਣੇ ਆਏ ਹਨ ਜਦਕਿ ਝੋਨੇ ਦੀ ਆਮਦ 33 ਫੀਸਦੀ ਜ਼ਿਆਦਾ ਹੈ।
ਇਸ ਸਾਲ 7.49 ਲੱਖ ਹੈਕਟੇਅਰ ਜ਼ਮੀਨ ਦੀ ਪਰਾਲੀ ਸਾੜੀ ਗਈ ਹੈ ਜੋ ਕਿ ਪਿਛਲੇ ਸਾਲ 7.90 ਲੱਖ ਹੈਕਟੇਅਰ ਸੀ। ਇਸ ਸਾਲ ਇਹ ਦਰ ਪਿਛਲੇ ਸਾਲ ਨਾਲੋਂ 5.23 ਫੀਸਦੀ ਘੱਟ ਹੈ। ਮੁੱਖ ਸਕੱਤਰ ਨੇ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਹੁਣ ਤੱਕ ਕੁੱਲ 22753.44 ਕਰੋੜ ਰੁਪਏ ਵਿਚੋਂ 22506.10 ਕਰੋੜ ਦੀ ਅਦਾਇਗੀ ਹੋ ਚੁੱਕੀ ਹੈ ਅਤੇ ਜ਼ਿਆਦਾਤਰ ਝੋਨਾ ਚੁੱਕ ਲਿਆ ਗਿਆ ਹੈ।