ਲਖਨਾਊ: ਮੁੰਡੇ ਨੂੰ ਦੋ ਦਾ ਪਹਾੜਾ ਸੁਣਾਉਣਾ ਨਾ ਆਇਆ ਤਾਂ ਬਾਰਾਤ ਬੇਰੰਗ ਮੋੜ ਦਿੱਤੀ ਗਈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਦੇ ਧਾਵਰ ਪਿੰਡ ਦੀ ਹੈ। ਹੁਣ ਇਹ ਮਾਮਲਾ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


 


ਦਰਅਸਲ ਸਿਹਰੇ ਬੰਨ੍ਹ ਕੇ ਢੁਕੇ ਨੌਜਵਾਨ ਨੇ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਦੋ ਦੇ ਪਹਾੜੇ ਦੀ ਉਸ ਦੀ ਜ਼ਿੰਦਗੀ ’ਚ ਕਿੰਨੀ ਅਹਿਮੀਅਤ ਸਾਬਤ ਹੋ ਸਕਦੀ ਹੈ। ਉਹ ਬੜੇ ਚਾਅ ਨਾਲ ਲਾੜੀ ਨੂੰ ਵਿਆਹੁਣ ਆਇਆ ਪਰ ਅੱਗੋਂ ਵਿਆਹ ਦੌਰਾਨ ਫੁੱਲ ਮਾਲਾਵਾਂ ਪਾਉਣ ਤੋਂ ਐਨ ਪਹਿਲਾਂ ਕੁੜੀ ਨੇ ਮੁੰਡੇ ਨੂੰ ਆਖਿਆ ਕਿ ਫੁੱਲ ਮਾਲਾਵਾਂ ਤਾਂ ਹੀ ਬਦਲੀਆਂ ਜਾਣਗੀਆਂ ਜੇ ਕਰ ਉਹ ਦੋ ਦਾ ਪਹਾੜਾ ਸੁਣਾਏਗਾ।


 


ਇਹ ਸੁਣਦਿਆਂ ਹੀ ਨੌਜਵਾਨ ਉੱਪਰ ਜਿਵੇਂ ਪਹਾੜ ਡਿੱਗ ਗਿਆ। ਉਹ ਪਹਾੜਾ ਸੁਣਾਉਣ ਵਿੱਚ ਨਾਕਾਮ ਰਿਹਾ ਤੇ ਆਖਰ ਨੂੰ ਲੜਕੀ ਦੇ ਪਰਿਵਾਰ ਨੇ ਵਿਆਹ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਮੁੰਡੇ ਦੀਆਂ ਸਦਰਾਂ ਮਿੱਟੀ ਵਿੱਚ ਰੁਲ ਗਈਆਂ ਤੇ ਉਹ ਬਾਰਾਤ ਲੈ ਕੇ ਖਾਲੀ ਹੱਥ ਹੀ ਵਾਪਸ ਪਰਤ ਗਿਆ।


 


ਪਨਵਾਰੀ ਥਾਣੇ ਦੇ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਰੱਖਿਆ ਗਿਆ ਸੀ, ਪਰ ਮੁੰਡੇ ਵਾਲਿਆਂ ਨੇ ਇਸ ਗੱਲ ਦਾ ਓਹਲਾ ਰੱਖਿਆ ਕਿ ਮੁੰਡਾ ਪੜ੍ਹਾਈ ਪੱਖੋਂ ਕੋਰਾ ਹੈ। ਕੁੜੀ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਸ ਨੇ ਮੁੰਡੇ ਅੱਗੇ ਇਹ ਸ਼ਰਤ ਰੱਖ ਦਿੱਤੀ। ਪੁਲਿਸ ਨੇ ਇਸ ਮਾਮਲੇ ’ਚ ਕੋਈ ਕੇਸ ਦਰਜ ਨਹੀਂ ਕੀਤਾ, ਕਿਉਂਕਿ ਆਪਸੀ ਰਜ਼ਾਮੰਦੀ ਮਗਰੋਂ ਦੋਵਾਂ ਪਰਿਵਾਰਾਂ ਨੇ ਇੱਕ-ਦੂਜੇ ਵੱਲੋਂ ਦਿੱਤੇ ਤੋਹਫ਼ੇ ਤੇ ਗਹਿਣੇ ਮੋੜ ਦਿੱਤੇ।