ਅੰਮ੍ਰਿਤਸਰ: ਅੰਮ੍ਰਿਤਸਰ ਦੇ ਦੋਹਰੇ ਖ਼ੁਦਕੁਸ਼ੀ ਮਾਮਲੇ 'ਚ ਪੁਲਿਸ ਨੇ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮਹਿਲਾ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਮੰਗਲਵਾਰ ਪਹਿਲਾਂ ਹੀ ਪੁਲਿਸ ਵਿਭਾਗ ਵਲੋਂ ਬਰਖਾਸਤ ਕੀਤਾ ਜਾ ਚੁੱਕਿਆ ਹੈ। ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਆਈਜੀ ਬਾਰਡਰ ਰੇਂਜ ਅੇੈਸਪੀਅੇੈਸ ਪਰਮਾਰ ਨੇ ਮਹਿਲਾ ਸਬ ਇੰਸਪੈਕਟਰ ਨੂੰ ਤੁਰੰਤ ਗ੍ਰਿਫਤਾਰ ਕਰਨ ਬਾਰੇ ਹੁਕਮ ਜਾਰੀ ਕੀਤੇ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੰਗਲਵਾਰ ਪੰਜਾਬ ਦੇ ਚਾਰ ਜ਼ਿਲ੍ਹਿਆਂ 'ਚ ਟੀਮਾਂ ਭੇਜ ਕੇ ਸੰਦੀਪ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਸੀ। ਜਾਣਕਾਰੀ ਮੁਤਾਬਕ ਸੀਅੇੈਮ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਮ੍ਰਿਤਕ ਜੋੜੇ ਦੀ ਇਕਲੌਤੀ ਬੇਟੀ ਤਨਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਮਾਮਲੇ 'ਚ ਦੋ ਪੁਲਿਸ ਮੁਲਾਜਮਾਂ ਨੂੰ ਵੀ ਨਾਮਜ਼ਦ ਕੀਤਾ ਸੀ।
ਸੰਦੀਪ ਕੌਰ ਨੂੰ ਪਨਾਹ ਦੇਣ ਵਾਲੇ ਤਿੰਨ ਮੁਲਜ਼ਮਾਂ ਖਿਲਾਫ ਵੀ ਪਰਚੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ ਇਕ ਪੁਲਿਸ ਮੁਲਾਜ਼ਮ ਹੈ। ਮਹਿਲਾ ਸਬ ਇੰਸਪੈਕਟਰ ਖਿਲਾਫ ਵਿਕਰਮਜੀਤ ਸਿੰਘ ਨੂੰ ਆਤਮ ਹੱਤਿਆ ਲਈ ਉਕਸਾਉਣ ਲਈ ਅੰਮ੍ਰਿਤਸਰ ਸ਼ਹਿਰ ਦੇ ਥਾਣਾ ਮੋਹਕਮਪੁਰਾ ਚ ਮਾਮਲਾ ਦਰਜ ਸੀ।
ਕੀ ਹੈ ਪੂਰਾ ਮਾਮਲਾ?
ਅੰਮ੍ਰਿਤਸਰ ਨਵਾਂ ਪਿੰਡ ਦੇ ਰਹਿਣ ਵਾਲੇ ਕਾਰੋਬਾਰੀ ਵਿਕਰਮਜੀਤ ਸਿੰਘ ਨੇ ਅੇੈਸਆਈ ਸੰਦੀਪ ਕੌਰ ਦੀ ਕਥਿਤ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਹੋ ਕੇ 10 ਅਕਤੂਬਰ ਨੂੰ ਆਤਮਹੱਤਿਆ ਕਰ ਲਈ ਸੀ ਤੇ ਅਗਲੇ ਦਿਨ 11 ਅਕਤੂਬਰ ਨੂੰ ਵਿਕਰਮਜੀਤ ਦੀ ਪਤਨੀ ਸੁਖਬੀਰ ਕੌਰ ਨੇ ਵੀ ਆਤਮਹੱਤਿਆ ਕਰ ਲਈ ਸੀ। ਇਸ ਸੰਬੰਧੀ ਦੋਵੇਂ ਆਤਮਹੱਤਿਆਵਾਂ ਦੇ ਮਾਮਲੇ 'ਚ ਅੰਮ੍ਰਿਤਸਰ ਸਿਟੀ ਅਤੇ ਜੰਡਿਆਲਾ ਗੁਰੂ 'ਚ ਕ੍ਰਮਵਾਰ ਮਾਮਲੇ ਦਰਜ ਸੀ।