ਵਾਸ਼ਿੰਗਟਨ: ਅਮਰੀਕੀ ਸੁਰੱਖਿਆ ਸਲਾਹਕਾਰ ਸੁਸਾਨ ਰਾਈਸ ਨੇ ਭਾਰਤੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨਾਲ ਉੜੀ ਹਮਲੇ ਨੂੰ ਲੈ ਕੇ ਫੋਨ 'ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਸੁਸਾਨ ਨੇ ਉੜੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਵਾਈਟ ਹਾਊਸ ਪਾਕਿਸਤਾਨ ਤੋਂ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨ ਕੀਤੀਆਂ ਗਈਆਂ ਜਥੇਬੰਦੀਆਂ ਨਾਲ ਨਜਿੱਠਣ ਤੇ ਉਨ੍ਹਾਂ ਦਾ ਸਫਾਇਆ ਕਰਨ ਲਈ ਢੁੱਕਵੀਂ ਕਾਰਵਾਈ ਕਰਨ ਦੀ ਉਮੀਦ ਰੱਖਦਾ ਹੈ।
ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ, "ਰਾਜਦੂਤ ਰਾਈਸ ਨੇ ਵਾਰ-ਵਾਰ ਸਾਡੀ ਇਹ ਉਮੀਦ ਦੁਹਰਾਈ ਹੈ ਕਿ ਪਾਕਿਸਤਾਨ ਲਸ਼ਕਰ-ਏ-ਮੁਹੰਮਦ ਸਮੇਤ, ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੀਆਂ ਜਥੇਬੰਦੀਆਂ, ਵਿਅਕਤੀਆਂ ਤੇ ਉਨ੍ਹਾਂ ਨਾਲ ਜੁੜੇ ਗੁੱਟਾਂ ਨਾਲ ਨਜਿੱਠਣ ਤੇ ਉਨ੍ਹਾਂ ਦਾ ਸਫਾਇਆ ਕਰਨ ਲਈ ਢੁੱਕਵੀਂ ਕਾਰਵਾਈ ਕਰੇ।" ਸੁਸਾਨ ਨੇ ਉੜੀ ਹਮਲੇ ਤੋਂ ਬਾਅਦ ਡੋਬਾਲ ਨਾਲ ਫੋਨ 'ਤੇ ਹੋਈ ਪਹਿਲੀ ਗੱਲਬਾਤ ਵਿੱਚ 18 ਸਤੰਬਰ ਨੂੰ ਭਾਰਤੀ ਫੌਜ ਦੇ ਮੁੱਖ ਦਫਤਰ ਤੇ ਸਰਹੱਦ ਪਾਰ ਤੋਂ ਹੋਏ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਸ਼ਹੀਦ ਹੋਏ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਵੀ ਹਮਦਰਦੀ ਪ੍ਰਗਟ ਕੀਤੀ।
ਪ੍ਰਾਈਸ ਨੇ ਕਿਹਾ, "ਉਨ੍ਹਾਂ ਦੁਨੀਆਂ ਭਰ 'ਚ ਅੱਤਵਾਦ ਦੇ ਸ਼ਾਜਿਸ਼ਕਰਤਾਵਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਲਈ ਸਾਡੀਆਂ ਕੋਸ਼ਿਸ਼ਾਂ ਨੂੰ ਦੋਗੁਣਾ ਕਰਨ ਦੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਰਾਦੇ ਦੀ ਪੁਸ਼ਟੀ ਕੀਤੀ।" ਉਨ੍ਹਾਂ ਕਿਹਾ,"ਰਾਜਦੂਤ ਰਾਈਸ ਨੇ ਸ਼ਾਂਤੀ ਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਭਾਰਤ ਨਾਲ ਸਾਡੀ ਸਾਂਝੀ ਵਚਨਬੱਧਤਾ 'ਤੇ ਚਰਚਾ ਕੀਤੀ ਤੇ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਕੀਤੇ ਜਾਣ ਸਮੇਤ ਅੱਤਵਾਦ ਦੀ ਰੋਕਥਾਮ ਬਾਰੇ ਮੁੱਦਿਆਂ 'ਤੇ ਸਹਿਯੋਗ ਕਰਨ ਦਾ ਸੰਕਲਪ ਜਤਾਇਆ।"