ਦੁਨੀਆਂ ਦੀ ਹਰ ਖਬਰ, ਸਿਰਫ 2 ਮਿੰਟ 'ਚ
ਏਬੀਪੀ ਸਾਂਝਾ | 30 Sep 2016 12:56 PM (IST)
1- ਭਾਰਤ ਦੀ ਕਾਰਵਾਈ ਮਗਰੋਂ ਪਾਕਿਸਤਾਨ ਘਬਰਾਇਆ ਜਾਪਦਾ ਹੈ। ਨਵਾਜ਼ ਸ਼ਰੀਫ ਨੇ ਕੈਬਨਿਟ ਦੀ ਬੈਠਕ ਕੀਤੀ ਹੈ। ਜਦਕਿ 4 ਅਕਤੂਬਰ ਨੂੰ ਕੈਬਨਿਟ ਦੀ ਸੁਰੱਖਿਆ ਕਾਊਂਸਲ ਦੀ ਮੀਟਿੰਗ ਬੁਲਾਈ ਗਈ ਹੈ। ਹਾਲਾਕਿ ਨਵਾਜ਼ ਸ਼ਰੀਫ ਨੇ ਆਪਣੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ LOC ਦੀ ਸ਼ਾਂਤੀ ਦਾਅ 'ਤੇ ਹੈ। ਸ਼ੈਤਾਨੀ ਮੰਨਸੂਬਿਆਂ ਦਾ ਮੂੰਹਤੋੜ ਜਵਾਬ ਦੇਵਾਂਗੇ। 2- ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘੱਟ ਕੀਤੇ ਜਾਣ ਦੀ ਅਪੀਲ ਕੀਤੀ ਹੈ। ਅਮਰੀਕੀ ਸਟੇਟ ਡਿਪਾਰਮੈਂਟ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਹਮਲੇ ਮਗਰੋਂ ਪੈਦਾ ਹੋਏ ਹਾਲਾਤਾਂ ਤੇ ਅਮਰੀਕਾ ਦੀ ਨਜ਼ਰ ਹੈ। ਉਨ੍ਹਾਂ ਕਿਹਾ ਜ਼ਾਹਿਰ ਹੈ ਉੜੀ ਵਰਗੇ ਹਮਲੇ ਤਣਾਅ ਵਧਾਉਂਦੇ ਹਨ। 3- ਬਲੋਚ ਰਾਸ਼ਟਰਵਾਦੀ ਲੀਡਰਾਂ ਅਤੇ ਦੁਨੀਆ ਭਰ ਦੇ ਬਲੋਚ ਵਰਕਰਾਂ ਨੇ ਭਾਰਤ ਦੇ ਸਰਜੀਕਲ ਸਟ੍ਰਾਇਕ ਦਾ ਸਵਾਗਤ ਕੀਤਾ ਹੈ ਅਤੇ ਅਜਿਹਾ ਅਭਿਆਨ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਪਾਕਿਸਤਾਨ ਅੱਤਵਾਦੀਆਂ ਲਈ ਸਵਰਗ ਹੈ ਜੋ ਹੁਣ ਕੈਂਸਰ ਬਣ ਚੁਕਿਆ ਹੈ। ਜੇ ਇਸਨੂੰ ਰੋਕਿਆ ਨਾ ਗਿਆ ਤਾਂ ਦੁਨੀਆ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਦਾ ਰਹੇਗਾ। 4- ਸੰਯੁਕਤ ਰਾਸ਼ਟਰ ਦੇ ਮਹਾਂ ਸਕੱਤਰ ਬਾਨ ਕੀ ਮੂਨ ਦੇ ਬੁਲਾਰੇ ਨੇ ਇਸ ਵਿਵਾਦ 'ਚ ਪੈਣ ਤੋਂ ਇਨਕਾਰ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਜੰਗ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਵਾਰ ਫਿਰ ਉਨ੍ਹਾਂ ਬਿਆਨਾਂ ਨੂੰ ਦੋਹਰਾਉਣਗੇ ਜਿਨਾਂ 'ਚ ਦੋਹਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ। 5- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਭਾਰਤ ਦੇ ਸਰਜੀਕਲ ਸਟ੍ਰਾਈਕ ਮਗਰੋਂ ਚੀਨ ਨੇ ਕਿਹਾ ਹੈ ਕਿ ਉਹ ਵੱਖ ਵਖ ਮਾਧਿਅਮਾਂ ਰਾਹੀਂ ਭਾਰਤ ਅਤੇ ਪਾਕਿਸਤਾਨ ਦੇ ਸੰਪਰਕ 'ਚ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਵਿਵਾਦਾਂ ਨੂੰ ਸੁਲਝਾਉਣ ਅਤੇ ਸੁਰਖਿਆ ਬਰਕਰਾਰ ਰੱਖਣ ਲਈ ਗਲਬਾਤ ਨੂੰ ਤਰਜੀਹ ਦੇਣਗੇ। 6- ਰੂਸ ਨੇ ਕਿਹਾ ਹੈ ਕਿ ਉਹ ਸੀਰੀਆ ਦੇ ਅਲੈਪੋ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਪੂਰਵੀ ਹਿੱਸੇ 'ਚ ਬੰਬਬਾਰੀ ਜਾਰੀ ਰਖੇਗਾ। ਰੂਸ ਨੇ ਹਮਲੇ ਬੰਦ ਕਰਨ ਦੀ ਅਮਰੀਕਾ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਜਦਕਿ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਰੂਸ ਨਾਲ ਸੀਰੀਆ ਦੇ ਮਸਲੇ 'ਤੇ ਗੱਲਬਾਤ ਮੁਅਤਲ ਕਰਨ ਦੀ ਕਗਾਰ 'ਤੇ ਹੈ। 7- ਅਮਰੀਕਾ ਦੇ ਨਿਊਜਰਸੀ 'ਚ ਇੱਕ ਭਿਆਨਕ ਰੇਲ ਹਾਦਸੇ ਦੌਰਾਨ 3 ਦੀ ਮੌਤ ਹੋ ਗਈ ਜਦਕਿ 108 ਲੋਕ ਜ਼ਖਮੀ ਹੋ ਗਏ। ਬੀਬੀਸੀ ਦੀ ਖਬਰ ਮੁਤਾਬਕ ਟਰੇਨ ਡ੍ਰਾਈਵਰ ਹਸਪਤਾਲ 'ਚ ਭਰਤੀ ਹੈ ਜਿਸਤੋਂ ਜਲਦ ਪੁੱਛਗਿਛ ਕੀਤੀ ਜਾਵੇਗੀ। ਅਮਰੀਕੀ ਮੀਡੀਆ ਮੁਤਾਬਕ ਹਾਦਸੇ ਉਸ ਵੇਲੇ ਵਾਪਰਿਆ ਜਦੋਂ ਇਕ ਯਾਤਰੀ ਟਰੇਨ ਰੇਲਵੇ ਸਟੇਸ਼ਨ 'ਚ ਵੜ ਗਈ। 8- ਇਸ ਹਾਦਸੇ ਮਗਰੋਂ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਦਕਿ ਰੇਲਵੇ ਵਿਭਾਗ ਨੇ ਐਲਾਨ ਕੀਤਾ ਹੈ ਕਿ ਫਿਲਹਾਲ ਇਥੇ ਰੇਲ ਆਵਾਜਾਈ ਰੋਕ ਦਿਤੀ ਗਈ ਹੈ ।