ਪਰਮਾਣੂ ਹਮਲੇ ਦੀ ਧਮਕੀ 'ਤੇ ਅਮਰੀਕਾ ਦੀ ਪਾਕਿਸਤਾਨ ਨੂੰ ਘੁਰਕੀ
ਏਬੀਪੀ ਸਾਂਝਾ | 01 Oct 2016 04:51 PM (IST)
ਨਵੀਂ ਦਿੱਲੀ: ਭਾਰਤ ਵੱਲੋਂ ਪੀਓਕੇ 'ਚ ਵੜ ਕੇ ਕੀਤੇ ਸਰਜੀਕਲ ਅਟੈਕ ਤੋਂ ਬਾਅਦ ਪਾਕਿਸਤਾਨ ਪਰਮਾਣੂ ਯੁੱਧ ਦੀ ਧਮਕੀ ਦੇ ਰਿਹਾ ਹੈ। ਪਰ ਪਾਕਿ ਦੀ ਇਸ ਧਮਕੀ 'ਤੇ ਅਮਰੀਕਾ ਨੇ ਸਖਤ ਇਤਰਾਜ ਜਤਾਇਆ ਹੈ। ਅਮਰੀਕਾ ਨੇ ਪਾਕਿ ਦੇ ਇਸ ਬਿਆਨ 'ਤੇ ਆਪਣੀ ਨਰਾਜਗੀ ਸਿੱਧੇ ਤੌਰ 'ਤੇ ਜਤਾਈ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਮੁਤਾਬਕ ਪਾਕਿਸਤਾਨ ਨੂੰ ਇਸ ਧਮਕੀ ਬਾਰੇ ਇਤਰਾਜ ਦਾ ਸੁਨੇਹਾ ਭੇਜ ਦਿੱਤਾ ਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਪਾਕਿਸਤਾਨ ਨੂੰ ਭੇਜੇ ਸੰਦੇਸ਼ 'ਚ ਸਾਫ ਕਿਹਾ ਗਿਆ ਹੈ ਕਿ ਉਹ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਨਾ ਦੇਵੇ। ਹਾਲਾਂਕਿ ਫਿਲਹਾਲ ਇਹ ਸਾਫ ਨਹੀਂ ਹੈ ਕਿ ਇਹ ਸੁਨੇਹਾ ਕਿਵੇਂ ਭੇਜਿਆ ਗਿਆ ਹੈ। ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਦਰਅਸਲ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਇੱਕ ਸਥਾਨਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਸੀ ਕਿ, “ਜੇਕਰ ਸਾਡੀ ਸੁਰੱਖਿਆ ਨੂੰ ਖਤਰਾ ਪਹੁੰਚਦਾ ਹੈ ਤਾਂ ਅਸੀਂ ਉਨ੍ਹਾਂ (ਭਾਰਤ) ਦਾ ਸਫਾਇਆ ਕਰ ਦਿਆਂਗੇ।"