ਨਿਊਜਰਸੀ: ਅਮਰੀਕਾ 'ਚ ਰਹਿ ਰਹੇ ਸਿੱਖ ਭਾਈਚਾਰੇ ਨੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਸੱਦਾ ਭੇਜਿਆ ਹੈ। ਨਿਊਜਰਸੀ ਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਚਿੱਠੀ ਲਿਖ ਕਿ ਓਬਾਮਾ ਨੂੰ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਇੱਕ ਵਾਰ ਗੁਰਦੁਆਰਾ ਸਾਹਿਬ ਜ਼ਰੂਰ ਨਤਮਸਤਕ ਹੋਣ ਤੇ ਨਾਲ ਹੀ ਸਿੱਖ ਭਾਈਚਾਰੇ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਭੇਜਿਆ ਹੈ। ਇਸ ਚਿੱਠੀ 'ਚ ਲਿਖਿਆ ਹੈ ਕਿ ,''ਸਾਨੂੰ ਆਪਣੇ ਅਮਰੀਕੀ ਸਿੱਖ ਅਖਵਾਉਣ ਅਤੇ ਹੋਣ 'ਤੇ ਮਾਣ ਹੈ ਪਰ ਇੱਥੇ ਸਿੱਖ ਭਾਈਚਾਰੇ ਨਾਲ ਭੇਦਭਾਵ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਾਡਾ ਸਿੱਖ ਧਰਮ ਸਮਾਨਤਾ, ਸਰਬ ਸਾਂਝੀ ਵਾਲਤਾ ਤੇ ਧਾਰਮਿਕ ਆਜ਼ਾਦੀ ਦਾ ਹੋਕਾ ਦਿੰਦਾ ਹੈ ਤੇ ਇਸ ਲਈ ਲੜਦਾ ਹੈ ਤੇ ਸਦਾ ਲੜਦਾ ਆਇਆ ਹੈ।" ਸਿੱਖ ਭਾਈਚਾਰੇ ਨੇ ਚਿੱਠੀ ਦੇ ਅੰਤ 'ਚ ਲਿਖਿਆ ਕਿ ਰਾਸ਼ਟਰਪਤੀ ਉਬਾਮਾ ਦੇ ਗੁਰਦੁਆਰਾ ਸਾਹਿਬ ਆਉਣ ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਫੇਰੀ 'ਤੇ ਹੋਣਗੀਆਂ ਅਤੇ ਬਿਨਾਂ ਸ਼ੱਕ ਸਿੱਖ ਭਾਈਚਾਰੇ 'ਤੇ ਹੁੰਦੇ ਨਸਲੀ ਹਮਲੇ ਜ਼ਰੂਰ ਘਟਣਗੇ। ਦੇਖਣਾ ਹੋਵੇਗਾ ਕਿ ਫਰਾਖਦਿਨ ਬਰਾਕ ਉਬਾਮਾ ਕਦੋਂ ਸਿੱਖ ਭਾਈਚਾਰੇ ਦੇ ਸੱਦੇ ਦਾ ਮਾਣ ਰੱਖਣਗੇ।